ਟਰੈਕਟਰ-ਟਰੇਲਰ ਨੇ ਪੈਦਲ ਜਾਂਦੀ ਔਰਤ ਦਰੜੀ, ਮੌਤ

ਨੌਰਥ ਯਾਰਕ (ਟੋਰਾਂਟੋ), 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਨੌਰਥ ਯਾਰਕ ਖੇਤਰ 'ਚ ਉਸ ਵੇਲੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਦੋਂ ਇੱਕ ਪੈਦਲ ਜਾ ਰਹੀ 26 ਸਾਲਾ ਔਰਤ ਨੂੰ ਟਰੈਕਟਰ-ਟਰੇਲ ਨੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਨੌਰਥ ਯਾਰਕ 'ਚ ਅਲਨੈਸ ਸਟਰੀਟ ਐਂਡ ਸੁਪਰੈਸਟ ਰੋਡ ਖੇਤਰ ਵਿੱਚ ਸਵੇਰੇ ਲਗਭਗ 7 ਵਜੇ ਪੈਦਲ ਜਾ ਰਹੀ ਇੱਕ ਔਰਤ ਸੜਕ ਪਾਰ ਕਰ ਰਹੀ ਸੀ। ਇਸੇ ਦੌਰਾਨ ਇੱਕ ਟਰੈਕਟਰ-ਟਰੇਲਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੰਭੀਰ ਜ਼ਖਮੀ ਹੋਈ ਔਰਤ ਨੇ ਕੁਝ ਹੀ ਦੇਰ ਬਾਅਦ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਈਸਟਬੌਂਡ 'ਤੇ ਆ ਰਿਹਾ ਟਰੱਕ ਡਰਾਈਵਰ ਤੋਂ ਸਾਊਥਬੌਂਡ 'ਤੇ ਅਲਨੈਸ ਸਟਰੀਟ ਨੂੰ ਮੁੜਨ ਲੱਗਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜਾਂਚਕਰਤਾਵਾਂ ਨੇ ਲੱਭ ਲਿਆ ਅਤੇ ਹੁਣ ਉਹ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਦੇ ਰਿਹਾ ਹੈ। ਪੁਲਿਸ ਨੇ ਉਸ 'ਤੇ ਅਜੇ ਕੋਈ ਚਾਰਜ ਲਾਉਣ ਦੀ ਗੱਲ ਨਹੀਂ ਆਖੀ ਹੈ। ਮ੍ਰਿਤਕ ਦੀ ਪਛਾਣ ਵੀ ਅਜੇ ਜ਼ਾਹਰ ਨਹੀਂ ਕੀਤੀ ਗਈ ਹੈ। ਟ੍ਰੈਫਿਕ ਸਰਵਿਸਜ਼ ਯੂਨਿਟ ਦੇ ਮੈਂਬਰ ਖੇਤਰ ਵਿੱਚ ਮੌਕੇ ਦੇ ਗਵਾਹਾਂ ਅਤੇ ਵੀਡੀਓ ਫੁਟੇਜ ਹਾਸਲ ਕਰਨ ਲਈ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਬਰੈਟ ਮੂਰੇ ਨੇ 'ਸੀਪੀ24' ਨੂੰ ਦੱਸਿਆ ਕਿ ਜਾਂਚਕਰਤਾਵਾਂ ਦੀ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਕੋਲ ਇਸ ਹਾਦਸੇ ਸਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਜਾਂਚਕਰਤਾ ਟੀਮ ਨਾਲ ਸੰਪਰਕ ਕਰੇ। ਖੇਤਰ ਵਿੱਚ ਜਾਂਚ ਲਈ ਕੁਝ ਘੰਟੇ ਆਵਾਜਾਈ ਰੋਕਣ ਮਗਰੋਂ ਮੁੜ ਖੋਲ• ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.