ਭਦੌੜ, 23 ਜਨਵਰੀ, ਹ.ਬ :   ਭਦੌੜ ਦੇ ਨੇੜਲੇ ਪਿੰਡ ਵਿਧਾਤਾ ਵਿਖੇ ਕਾਂਗਰਸੀ ਸਰਪੰਚ ਦਾ ਪਰਿਵਾਰਕ ਮੈਂਬਰ ਪਿੰਡ ਦੀਆਂ ਮੰਗਾਂ ਅਤੇ ਵਿਕਾਸ ਨੂੰ ਲੈ ਕੇ ਪਿੰਡ ਦੀ ਹੀ ਟੈਂਕੀ ਤੇ ਚੜ੍ਹ ਗਿਆ।ਵਿਧਾਤਾ ਪਿੰਡ ਦੀ ਸਰਪੰਚ ਕਰਮਜੀਤ ਕੌਰ ਦਾ ਦਿਓਰ ਅੰਗਰੇਜ ਸਿੰਘ ਪਿੰਡ ਦੇ ਵਿਕਾਸ ਦੇ ਕੰਮ ਕਾਰ ਦੇਖ ਰਿਹਾ ਹੈ ਅਤੇ ਪਿੰਡ ਦੇ  ਕੁੱਲ ਸੱਤ ਪੰਚ ਹਨ ਜਿਨ੍ਹਾਂ ਵਿੱਚੋਂ ਤਿੰਨ ਕਾਂਗਰਸੀ ਅਤੇ ਚਾਰ ਅਕਾਲੀ ਦਲ ਦੇ ਪੰਚ ਬਣੇ ਹੋਏ ਹਨ । ਵਿਧਾਤਾ ਪਿੰਡ ਦੀ ਸਰਪੰਚ ਕਰਮਜੀਤ ਸਰਕਾਰ ਦੇ ਦਿਓਰ ਅੰਗਰੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਲਈ ਸ਼ਹਿਣਾ ਬਲਾਕ ਦੇ ਡੀਡੀਪੀਓ ਅਤੇ ਬੀਡੀਪੀਓ ਦਫ਼ਤਰ ਦੇ ਚੱਕਰ ਲਗਾ ਰਿਹਾ ਹੈ ਪਰ ਉਸ ਨੂੰ ਚੱਕਰਾਂ ਅਤੇ ਧੱਕਿਆਂ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪਾਇਆ ਜਾ ਰਿਹਾ ਸਗੋਂ ਉਸ ਦਾ ਤਕਰੀਬਨ ਡੇਢ ਲੱਖ ਰੁਪਏ ਦਾ ਨੁਕਸਾਨ ਕਰਵਾ ਦਿੱਤਾ ਗਿਆ ਹੈ ਜਿਸ ਸਬੰਧੀ ਕਈ ਵਾਰ ਪੰਚਾਇਤ ਦੀਆਂ ਮੀਟਿੰਗਾਂ ਪੰਚਾਇਤ ਸਕੱਤਰ ਦੇ ਜ਼ਰੀਏ ਕੀਤੀਆਂ ਗਈਆਂ ਅਤੇ ਵਾਰ ਵਾਰ ਬੀਡੀਪੀਓ ਨੂੰ ਲਿਖਤੀ ਰੂਪ ਵਿੱਚ ਵੀ ਪਿੰਡ ਦੇ ਵਿਕਾਸ ਕੰਮਾਂ ਨੂੰ ਅੱਗੇ ਤੋਰਨ ਲਈ ਦਿੱਤਾ ਗਿਆ ਪਰ ਨਾ ਤਾਂ ਕੋਈ ਪੰਚਾਇਤ ਸਕੱਤਰ ਦੇ ਜ਼ਰੀਏ ਪਿੰਡ ਦਾ ਕੋਈ ਹੱਲ ਹੋਇਆ ਅਤੇ ਨਾ ਹੀ ਬੀਡੀਪੀਓ ਮੈਡਮ ਨਿਧੀ ਸਿਨਹਾ ਨੇ ਉਨ੍ਹਾਂ ਦੇ ਪੱਲੇ ਕੁਝ ਪਾਇਆ ਉਸ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੀ ਹੁੰਦੀ ਖੱਜਲ ਖ਼ੁਆਰੀ ਤੋਂ ਅੱਕ ਕੇ ਮੈਂ  ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹਿਆ ਹਾਂ ਅਤੇ ਉਦੋਂ ਤੱਕ ਨਹੀਂ ਉੱਤਰਦਾ ਜਦੋਂ ਤੱਕ ਮੈਨੂੰ ਬਲਾਕ ਦੇ ਅਫਸਰਾਂ ਵੱਲੋਂ ਲਿਖਤੀ ਰੂਪ ਵਿੱਚ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਅੱਗੇ ਤੋਰਨ ਦਾ ਭਰੋਸਾ ਨਹੀਂ ਦਿੱਤਾ ਜਾਂਦਾ। ਜੇਕਰ ਮੈਨੂੰ ਕੋਈ ਦਬਾਅ ਪਾ ਕੇ ਥੱਲੇ ਉਤਰਨ ਲਈ ਮਜਬੂਰ ਕਰੇਗਾ ਤਾਂ ਮੈਂ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੀ ਸਰਕਾਰੇ-ਦਰਬਾਰੇ ਕੋਈ ਵੀ ਪੁੱਛ ਪੜਤਾਲ ਨਹੀਂ ਹੈ । ਅਸੀਂ ਹਰ ਵੋਟਾਂ ਵੇਲੇ ਕਾਂਗਰਸ ਸਰਕਾਰ ਦੇ ਉਮੀਦਵਾਰਾਂ ਦੀ ਜਿੱਤ ਲਈ ਸਿਰ ਤੋੜ ਯਤਨ ਕਰਦੇ ਹਾਂ ਪਰ ਫਿਰ ਵੀ ਸਾਡੀ ਕਾਂਗਰਸ ਸਰਕਾਰ ਅਤੇ ਸਰਕਾਰ ਦਾ ਕੋਈ ਵੀ ਪ੍ਰਤੀਨਿਧੀ ਜਾਂ ਅਫ਼ਸਰ ਸੁਣਵਾਈ ਨਹੀਂ ਕਰ ਰਿਹਾ  ਜਿਸ ਕਰਕੇ ਮੈਂ ਅੱਜ ਮਜਬੂਰਨ ਟੈਂਕੀ ਤੇ ਚੜ੍ਹ ਕੇ ਆਪਣੀਆਂ ਮੰਗਾਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਰੱਖਣ ਲਈ ਮਜਬੂਰ ਹੋਇਆ ਹਾਂ। ਜਿਸ ਤੋਂ ਬਾਅਦ ਸ਼ਾਮ ਦੇ ਤਕਰੀਬਨ ਪੰਜ ਵਜੇ ਭਦੌੜ ਦੇ ਨਾਇਬ ਤਹਿਸੀਲਦਾਰ ਹਮੀਸ ਕੁਮਾਰ ਅਤੇ ਸ਼ਹਿਣਾ ਬਲਾਕ ਦੇ ਜੇਈ ਚੰਚਲ ਸਿੰਘ ਨੇ ਸਰਪੰਚਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਕੱਤਾ ਦੇ ਜ਼ਰੀਏ ਅੰਗਰੇਜ਼ ਸਿੰਘ ਨੂੰ ਵਿਸ਼ਵਾਸ ਦੁਆਇਆ ਕਿ ਉਸ ਦੀਆਂ ਮੰਗਾਂ ਦਾ ਹੱਲ ਸ਼ੁੱਕਰਵਾਰ ਨੂੰ ਬੀਡੀਪੀਓ ਦਫ਼ਤਰ ਸ਼ਹਿਣਾ ਵਿਖੇ ਪਿੰਡ ਦੇ ਬਾਕੀ ਪੰਚਾਂ ਨੂੰ ਬੁਲਾ ਕੇ ਕਰਵਾ ਦਿੱਤਾ ਜਾਵੇਗਾ ਜੇਕਰ ਸ਼ੁੱਕਰਵਾਰ ਨੂੰ ਦੂਜੀ ਪਾਰਟੀ ਦੇ ਪੰਚ ਆ ਕੇ ਪਿੰਡ ਦੇ ਵਿਕਾਸ ਲਈ ਸਹਿਮਤ ਹੁੰਦੇ ਹਨ ਤਾਂ ਠੀਕ ਹੈ ਨਹੀਂ ਤਾਂ ਸਰਪੰਚ ਨੂੰ ਹੀ ਪ੍ਰਬੰਧਕ ਲਗਾ ਕੇ ਪਿੰਡ ਦੇ ਰੁਕੇ ਹੋਏ ਵਿਕਾਸ ਨੂੰ ਅੱਗੇ ਤੋਰਿਆ ਜਾਵੇਗਾ । ਜਿਸ ਨਾਲ ਸਹਿਮਤ ਹੁੰਦਿਆਂ ਸਰਪੰਚ ਦੇ ਦਿਉਰ ਅੰਗਰੇਜ ਸਿੰਘ ਟੈਂਕੀ ਤੋਂ ਸ਼ਾਮ ਨੂੰ ਤਕਰੀਬਨ ਪੰਜ ਵਜੇ ਉਤਰ ਆਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.