ਚੰਡੀਗੜ੍ਹ, 23 ਜਨਵਰੀ, ਹ.ਬ. : ਯੂਟੀ ਪੁਲਿਸ ਐਸਆਈਟੀ ਨੇ 16 ਸਾਲ ਤੋਂ ਫਰਾਰ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ 50 ਸਾਲ ਦੇ ਰਾਜਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਰਾਜਵਿੰਦਰ ਸਿੰਘ ਨੂੰ ਡਕੈਤੀ ਦੇ ਕੇਸ ਵਿਚ 7 ਸਾਲ ਦੀ ਸਜ਼ਾ ਹੋਈ ਸੀ ਅਤੇ ਉਸ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਆਇਆ । ਜਿਸ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਮੁਲਜ਼ਮ ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਤੈਨਾਤ ਸੀ। ਉਸ ਨੇ ਅਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ 1995 ਵਿਚ ਸੈਕਟਰ 17 ਥਾਣਾ ਖੇਤਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸੈਕਟਰ 34 ਥਾਣਾ ਖੇਤਰ ਵਿਚ ਦੋ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਬਾਅਦ ਵਿਚ ਮੁਲਜ਼ਮ ਨੂੰ ਸੈਕਟਰ 17 ਦੀ ਲੁੱਟ ਮਾਮਲੇ ਵਿਚ 2002 ਵਿਚ ਸੱਤ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਰਾਜਵਿੰਦਰ ਨੇ ਇਸ ਫ਼ੈਸਲੇ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਚੈਲੰਜ ਕੀਤਾ ਅਤੇ ਉਸ ਨੂੰ ਜ਼ਮਾਨਤ ਮਲਿ ਗਈ। 2004 ਵਿਚ ਉਹ ਜ਼ਮਾਨਤ 'ਤੇ ਬਾਹਰ ਆਇਆ ਅਤੇ ਤਦ ਤੋਂ ਫਰਾਰ ਸੀ। ਰਾਜਵਿੰਦਰ ਨੂੰ ਐਸਆਈਟੀ ਸਾਊਥ ਡਵੀਜ਼ਨ ਦੇ ਇੰਚਾਰਜ ਏਐਸਆਈ ਕੁਲਦੀਪ ਦੀ ਅਗਵਾਈ ਵਿਚ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕੁਲਦੀਪ ਕਈ ਜ਼ਮਾਨਤ 'ਤੇ ਆ ਕੇ ਫਰਾਰ ਹੋਏ ਅਪਰਾਧੀਆਂ ਨੂੰ ਫੜ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.