ਮੰਡੀ ਗੋਬਿੰਦਗੜ੍ਹ, 23 ਜਨਵਰੀ, ਹ.ਬ. : ਪੁਲਿਸ ਨੇ ਸ਼ਹਿਰ ਵਿਚ ਚੱਲ ਰਹੇ ਦੋ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕਰ ਕੇ 18 ਔਰਤਾਂ ਅਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਸੁਖਵਿੰਦਰ ਸਿੰਘ ਅਮਲੋਹ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਥਾਣਾ ਮੁਖੀ ਮਹਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਸਕਾਨ ਵਾਸੀ ਪੋਲਾ (ਫ਼ਤਹਿਗੜ੍ਹ ਸਾਹਿਬ) ਆਪਣੇ ਮਕਾਨ ਅਜ਼ਨਾਲੀ ਤੇ ਉਸ ਦੀ ਸਹੇਲੀ ਮਨੀਸ਼ਾ, ਗੁਰਿੰਦਰ ਸਿੰਘ ਵਾਸੀ ਜੱਸੜਾਂ ਦੇ ਕਿਰਾਏ ਦੇ ਮਕਾਨ 'ਚ ਦੇਹ ਵਪਾਰ ਦਾ ਧੰਦਾ ਚਲਾ ਰਹੀਆਂ ਹਨ। ਦੋਵੇਂ ਪੰਜਾਬ ਤੋਂ ਇਲਾਵਾ ਦਿੱਲੀ ਤੋਂ ਔਰਤਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀਆਂ ਹਨ। ਪੁਲਿਸ ਨੇ ਦੋਵਾਂ ਅੱਡਿਆਂ ਦਾ ਪਰਦਾਫਾਸ਼ ਕਰਨ ਲਈ ਟ੍ਰੈਪ ਲਗਾਇਆ। ਇਸ ਦੇ ਲਈ ਨਕਲੀ ਗਾਹਕ ਬਣਾਏ ਗਏ। ਆਟੋ ਚਾਲਕਾਂ ਨੂੰ ਦੋਵਾਂ ਅੱਡਿਆਂ 'ਤੇ ਭੇਜਿਆ ਗਿਆ ਤੇ ਪਿੱਛਿਓਂ ਪੁਲਿਸ ਨੇ ਛਾਪੇਮਾਰੀ ਕਰ ਦਿੱਤੀ। ਇਸ ਦੌਰਾਨ ਅਜਨਾਲੀ 'ਚ ਚੱਲ ਰਹੇ ਅੱਡੇ ਤੋਂ ਮੁਕਸਾਨ ਸਮੇਤ 10 ਔਰਤਾਂ ਤੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਖੀ ਮਹਿੰਦਰ ਸਿੰਘ ਨੇ ਸਬ ਇੰਸਪੈਕਟਰ ਅਮਰਪਾਲ ਕੌਰ, ਏਅੇੱਸਆਈ ਧਰਮਪਾਲ, ਏਅੇੱਸਆਈ ਬੁੱਧ ਸਿੰਘ, ਮਹਿਲਾ ਸਿਪਾਹੀ ਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਨੇ ਮੁਸਕਾਨ ਅਤੇ ਮਨੀਸ਼ਾ ਦੇ ਟਿਕਾਣਿਆਂ 'ਤੇ ਛਾਪਾਮਾਰੀ ਕਰਕੇ ਵੱਖ-ਵੱਖ ਕਮਰਿਆਂ 'ਚੋਂ ਸ਼ਿਵਾ ਵਾਸੀ ਅਜ਼ਨਾਲੀ, ਰਾਕੇਸ਼ ਵਾਸੀ ਅਜਨਾਲੀ, ਈਸ਼ਵਰ ਦਾਸ ਵਾਸੀ ਮੰਡੀ ਗੋਬਿੰਦਗੜ੍ਹ, ਸੱਤਪਾਲ ਸਿੰਘ ਵਾਸੀ ਅਮਲੋਹ, ਜੱਗੀ ਵਾਸੀ ਮੰਡੀ ਗੋਬਿੰਦਗੜ੍ਹ, ਵਿਕਰਮ ਸਿੰਘ ਵਾਸੀ ਸਹੌਲੀ (ਪਟਿਆਲਾ) ਅਤੇ 18 ਔਰਤਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ। ਦੱਸਣਯੋਗ ਹੈ ਕਿ ਥਾਣਾ ਮੁਖੀ ਮਹਿੰਦਰ ਸਿੰਘ ਨੇ 2017 'ਚ ਵੀ ਸ਼ਹਿਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.