ਕੈਨੇਡਾ ਦੇ ਸਸਕੈਚੇਵਨ ਸੂਬੇ ਵਿਚ ਪੰਜਾਬੀ ਨੌਜਵਾਨ ਵਿਰੁੱਧ ਇੰਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਲੱਗੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ 34 ਸਾਲ ਦੇ ਗੁਰਪ੍ਰੀਤ ਸਿੰਘ ਨੇ ਕਥਿਤ ਤੌਰ 'ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਫ਼ਰਜ਼ੀ ਜੌਬ ਔਫ਼ਰਜ਼ ਦਿਤੀਆਂ।

 

 

ਸੀ.ਬੀ.ਐਸ.ਏ. ਮੁਤਾਬਕ ਗੁਰਪ੍ਰੀਤ ਸਿੰਘ ਨੇ ਪਹਿਲੀ ਜੂਨ 2016 ਤੋਂ ਨਵੰਬਰ 2018 ਦਰਮਿਆਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁੰਮਰਾਹ ਕੀਤਾ। ਗੁਰਪ੍ਰੀਤ ਸਿੰਘ ਵਿਰੁੱਧ ਇੰਮੀਗ੍ਰੇਸ਼ਨ ਮਾਮਲੇ ਵਿਚ ਗ਼ਲਤ ਦਸਤਾਵੇਜ਼ ਪੇਸ਼ ਕਰਨ, ਇੰਮੀਗ੍ਰੇਸ਼ਨ ਮਾਮਲੇ 'ਤੇ ਹੋਰਨਾਂ ਨੂੰ ਗੁੰਮਰਾਹ ਕਰਨ, ਜਾਣਬੁੱਝ ਕੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਅਤੇ ਫ਼ਰਜ਼ੀ ਦਸਤਾਵੇਜ਼ ਪ੍ਰਵਾਸੀਆਂ ਨੂੰ ਦੇਣ ਬਾਰੇ ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਤੰਬਰ 2018 ਵਿਚ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਜਦੋਂ ਇਕ ਪੋਰਟ ਐਂਟਰੀ 'ਤੇ ਫ਼ਰਜ਼ੀ ਜੌਬ ਆਫ਼ਰ ਸਾਹਮਣੇ ਆਇਆ। ਪੜਤਾਲ ਸ਼ੁਰੂ ਹੋਈ ਤਾਂ 34 ਇੰਮੀਗ੍ਰੇਸ਼ਨ ਬਿਨੈਕਾਰ ਇਸ ਕਾਂਡ ਵਿਚ ਘਿਰੇ ਨਜ਼ਰ ਆਏ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਠੱਗਿਆ ਗਿਆ ਸੀ। ਗੁਰਪ੍ਰੀਤ ਸਿੰਘ ਅੱਜ ਬਾਅਦ ਦੁਪਹਿਰ 2 ਵਜੇ ਸਸਕਾਟੂਨ ਦੀ ਅਦਾਲਤ ਵਿਚ ਪੇਸ਼ ਹੋਵੇਗਾ। ਸੀ.ਬੀ.ਐਸ.ਏ. ਦੇ ਐਕਟਿੰਗ ਰੀਜਨਲ ਡਾਇਰੈਕਟਰ ਜਨਰਲ ਬਰੈਡ ਵੌਜ਼ਨੀ ਨੇ ਕਿਹਾ ਕਿ ਇੰਮੀਗ੍ਰੇਸ਼ਨ ਨਿਯਮਾਂ ਵਿਰੁੱਧ ਕੰਮ ਕਰਨ ਵਾਲੇ ਪ੍ਰਵਾਸੀਆਂ ਲਈ ਗੰਭੀਰ ਮੁਸ਼ਕਲਾਂ ਪੈਦਾ ਕਰ ਦਿੰਦੇ ਹਨ। ਅਜਿਹੇ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਚਨਬੱਧ ਹੈ। ਇਸ ਦੇ ਨਾਲ ਹੀ ਸੀ.ਬੀ.ਐਸ.ਏ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਇੰਮੀਗ੍ਰੇਸ਼ਨ ਸਰਗਰਮੀਆਂ ਨਜ਼ਰ ਆਉਣ ਦੀ ਸੂਰਤ ਵਿਚ ਤੁਰਤ ਟੋਲ ਫ਼ਰੀ ਨੰਬਰ 1-888-502-9060 'ਤੇ ਕਾਲ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.