ਕੈਨਬਰਾ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਲੱਗਾ ਇੱਕ ਕੈਨੇਡੀਅਨ ਜਹਾਜ਼ ਅਪਲਾਈਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜੋ ਅਮਰੀਕੀ ਨਾਗਰਿਕ ਸਨ। ਇਹ ਕੈਨੇਡਾ ਦਾ ਸੀ-130 ਹਰਕਿਊਲਿਸ ਵਾਟਰ ਟੈਂਕਰ ਜਹਾਜ਼ ਸੀ। ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਰੂਰਲ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਤਸੀਮੋਂਸ ਨੇ ਦੱਸਿਆ ਕਿ ਇਸ ਜਹਾਜ਼ ਹਾਦਸੇ ਵਿੱਚ ਕੋਈ ਜਿਊਂਦਾ ਨਹੀਂ ਬਚਿਆ। ਇਹ ਜਹਾਜ਼ ਕੈਨੇਡਾ ਦੀ ਹਵਾਈ ਅੱਗ ਬੁਝਾਊ ਕੰਪਨੀ ਕੂਲਸਨ ਐਵੀਏਸ਼ਨ ਤੋਂ ਲੀਜ਼ 'ਤੇ ਲਿਆ ਗਿਆ ਸੀ। ਆਸਟਰੇਲੀਆ ਆਵਾਜਾਈ ਸੁਰੱਖਿਆ ਬਿਊਰੋ ਦੇ ਅਨੁਸਾਰ ਹਾਦਸੇ ਦੀ ਮੁੱਢਲੀ ਰਿਪੋਰਟ ਆਉਣ ਵਿੱਚ ਲਗਭਗ 30 ਦਿਨ ਦਾ ਸਮਾਂ ਲੱਗ ਸਕਦਾ ਹੈ।  ਸੀ-130 ਹਰਕਿਊਲੀਸ ਜਹਾਜ਼ ਮੂਲ ਰੂਪ ਵਿੱਚ ਫ਼ੌਜੀਆਂ ਅਤੇ ਉਨ•ਾਂ ਦੇ ਸਾਜ਼ੋ-ਸਾਮਾਨ ਦੀ ਢੋਆ-ਢੁਆਈ ਲਈ ਬਣਾਇਆ ਗਿਆ ਹੈ। ਚਾਰ ਇੰਜਣ ਵਾਲੇ ਇਸ ਅਮਰੀਕੀ ਜਹਾਜ਼ ਨੂੰ ਜੰਗਲਾਂ ਦੀ ਅੱਗ 'ਤੇ ਪਾਣੀ ਦੀ ਬੌਛਾਰ ਕਰਨ ਦੇ ਕੰਮ ਵਿੱਚ ਲਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਪੂਰੀ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਰਾਜਧਾਨੀ ਕੈਨਬਰਾ ਦੇ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਇਸ ਦੇ ਚਲਦਿਆਂ ਵੀਰਵਾਰ ਨੂੰ ਹਵਾਈ ਅੱਡਾ ਬੰਦ ਕਰਨਾ ਪਿਆ। ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.