ਕੈਨੇਡਾ ਰੈਵੇਨਿਊ ਏਜੰਸੀ ਨੇ ਦਿੱਤੀ ਮਾਨਤਾ

ਵੈਨਕੁਵਰ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬੇਸਹਾਰਾ ਤੇ ਭੁੱਖਿਆਂ ਦਾ ਢਿੱਡ ਭਰਨ ਵਾਲੀ 'ਗੁਰੂ ਨਾਨਕ ਫਰੀ ਕਿਚਨ' ਨੂੰ ਕੈਨੇਡਾ ਰੈਵੇਨਿਊ ਏਜੰਸੀ ਨੇ ਇੱਕ ਦਾਨੀ ਸੰਸਥਾ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਸੰਸਥਾ ਨੂੰ ਦਾਨ ਦੇਣ ਲਈ ਹੁਣ 604-617-7382 'ਤੇ ਜਾਂ ਫਿਰ ਇਸ ਦੀ ਮੇਲ ਆਈਡੀ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਾਨ ਦੇਣ ਵਾਲਿਆਂ ਨੂੰ ਬਕਾਇਦਾ ਟੈਕਸ ਮੁਕਤ ਰਸੀਦ ਦਿੱਤੀ ਜਾਵੇਗੀ। 'ਗੁਰੂ ਨਾਨਕ ਫਰੀ ਕਿਚਨ' ਦੀ ਟੀਮ ਨੇ ਕਿਹਾ ਕਿ ਉਹ ਆਨਲਾਈਨ ਦਾਨ ਹਾਸਲ ਕਰਨ ਲਈ ਜਲਦ ਹੀ ਇੱਕ ਪੋਰਟਲ ਬਣਾਉਣਗੇ। ਇਸ ਸਬੰਧੀ ਹੋਰ ਜਾਣਕਾਰੀ ਫੇਸਬੁੱਕ ਪੇਜ 'ਤੇ ਉਪਲੱਬਧ ਕਰਵਾਈ ਜਾਵੇਗੀ।
'ਗੁਰੂ ਨਾਨਕ ਫਰੀ ਕਿਚਨ' ਇੱਕ ਸਵੈਸੇਵਕ ਆਗੂ ਸੰਸਥਾ ਹੈ ਅਤੇ ਇਹ ਸਥਾਨਕ ਭਾਈਚਾਰੇ ਦੀ 2007 ਤੋਂ ਸੇਵਾ ਕਰਦੀ ਆ ਰਹੀ ਹੈ। ਸਵੈਸੇਵਕ ਆਗੂ ਦਾ ਮਤਲਬ ਹੈ ਕਿ ਇਸ ਰਾਹੀਂ ਦਾਨ ਸਿੱਧਾ ਭਾਈਚਾਰੇ ਨੂੰ ਜਾਂਦਾ ਹੈ। ਇਸ ਦੇ ਲਈ ਕੋਈ ਪ੍ਰਸ਼ਾਸਨਿਕ ਫੀਸ ਜਾਂ ਮੁਲਾਜ਼ਮਾਂ ਦੀ ਤਨਖਾਹ ਨਹੀਂ ਹੁੰਦੀ।
'ਗੁਰੂ ਨਾਨਕ ਫਰੀ ਕਿਚਨ' ਸੰਸਥਾ ਦੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਵਿੱਚ ਹਫ਼ਤਾਵਾਰੀ ਸਮਾਗਮਾਂ ਰਾਹੀਂ 4 ਲੱਖ ਤੋਂ ਵੱਧ ਭੋਜਨ ਪਰੋਸਿਆ ਜਾਣਾ ਸ਼ਾਮਲ ਹੈ। ਇਸ ਤੋਂ ਇਲਾਵਾ 'ਐਨੁਅਲ ਟੌਏ ਡਰਾਈਵਰ' ਸਮਾਗਮ ਰਾਹੀਂ ਇਸ ਸੰਸਥਾ ਵੱਲੋਂ ਸਾਲਾਨਾ 20 ਹਜ਼ਾਰ ਤੋਂ ਵੱਧ ਖਿਡੌਣੇ ਇਕੱਠੇ ਕੀਤੇ ਅਤੇ ਵੰਡੇ ਜਾਂਦੇ ਹਨ। 'ਨਾਨਕ ਸ਼ਾਹੀ 550' ਮੁਹਿੰਮ ਰਾਹੀਂ 2019 ਵਿੱਚ 1100 ਬੂਟੇ ਲਾਏ ਗਏ। ਸਕੂਲਾਂ ਦੇ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਮਦਦ ਮੁਹੱਈਆ ਕਰਵਾਈ ਗਈ। ਪਨਾਹਗਾਹਾਂ ਵਿੱਚ ਰਹਿੰਦੇ ਲੋਕਾਂ ਅਤੇ ਹੋਰਨਾਂ ਲੋੜਵੰਦਾਂ ਨੂੰ ਸਰਦੀਆਂ ਵਿੱਚ ਕੰਬਲ ਤੇ ਹੋਰ ਗਰਮ ਕੱਪੜੇ ਵੰਡੇ ਜਾਂਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.