ਲੰਡਨ, 24 ਜਨਵਰੀ, ਹ.ਬ. : ਭਾਰਤੀ ਗਣਤੰਤਰ ਦਿਵਸ ਦੇ ਮੌਕੇ 'ਤੇ ਲੰਡਨ ਵਿਚ ਕਈ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਹੈ। ਇੱਥੇ ਭਾਰਤੀ ਹਾਈ ਕਮਿਸ਼ਨ ਨੇ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਸੁਰੱਖਿਆ ਕਰਨ ਦੀ ਅਪੀਲ ਕੀਤੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਦੇ ਸਮੂਹਾਂ ਨੇ ਨੈਸ਼ਨਲ ਡਿਮੌਂਸਟਰੇਸ਼ਨ ਅੰਗੇਸਟ ਫਾਸਿਜ਼ਮ ਇਨ ਇੰਡੀਆ ਮਾਰਚ ਕੱਢਣ ਦੀ ਯੋਜਨਾ ਬਣਾਈ ਹੈ। ਇਸ ਸੰਘਰਸ਼ ਦੌਰਾਨ ਸੈਂਕੜੇ ਲੋਕਾਂ ਦੇ ਡਾਊÎਨਿੰਗ ਸਟਰੀਟ ਤੋਂ ਭਾਰਤੀ ਹਾਈ ਕਮਿਸ਼ਨ ਤੱਕ ਮਾਰਚ ਕਰਨ ਦੀ ਸੰਭਾਵਨਾ ਹੈ। ਇਹ ਮਾਰਚ ਭਾਰਤ ਦੇ ਨਵੇਂ ਸੋਧੇ ਭਾਰਤੀ ਕਾਨੂੰਨ ਦੇ ਖ਼ਿਲਾਫ਼ ਹੈ। ਇਸ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਸੰਗਠਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਬ੍ਰਿਟੇਨ ਵਿਚ ਰਹਿ ਰਹੇ ਵੱਖਵਾਦੀ ਅਤੇ ਪਾਕਿਸਤਾਨੀ ਹਮਾਇਤੀ ਸੰਗਠਨਾਂ ਨੇ ਕਾਲਾ ਦਿਵਸ ਦੇ ਰੂਪ ਵਿਚ ਮਨਾਉਣ ਦੀ ਗੱਲ ਕਹੀ ਹੈ ਅਤੇ ਅਜਿਹੇ ਸੰਗਠਨਾਂ ਨੇ ਬ੍ਰਿਟੇਨ ਦੇ ਹੋਰ ਹਿੱਸਿਆਂ ਤੋਂ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਣ ਲਈ ਕਿਹਾ ਹੈ।
ਇਸ ਨੂੰ ਲੈ ਕੇ ਲੰਡਨ ਦੀ ਪੁਲਿਸ ਫੋਰਸ ਸਕਾਟਲੈਂਡ ਯਾਰਡ ਨੇ ਕਿਹਾ ਕਿ ਉਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਜਾਣਕਾਰੀ ਹੈ ਅਤੇ ਇਸ ਨੂੰ ਦੇਖਦੇ ਹੋਏ ਪੁਖਤਾ ਗਿਣਤੀ ਵਿਚ ਪੁਲਿਸ ਨੂੰ ਤਿਆਰ ਰੱਖਣ ਦੀ ਯੋਜਨਾ ਹੈ। ਹਾਈ ਕਮਿਸ਼ਨ ਦੀ ਸੁਰੱਖਿਆ ਦਾ ਮੁੱਦਾ ਪਿਛਲੇ ਹਫ਼ਤੇ ਹਾਊਸ ਆਫ਼ ਕਾਮਨਜ਼ ਵਿਚ ਵੀ ਚੁੱਕਿਆ ਸੀ ਅਤੇ ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਧਨਸ਼ਿਆਮ ਨੇ ਇਸ ਸਬੰਧ ਵਿਚ ਸਿੱਧੇ ਤੌਰ 'ਤੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਗੱਲਬਾਤ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.