ਮੁੰਡੇ ਵਾਲਿਆਂ ਨੇ ਵਿਆਹ ਵਾਲੇ ਦਿਨ ਰਿਸ਼ਤਾ ਤੋੜਿਆ
ਨਾਭਾ, 27 ਜਨਵਰੀ, ਹ.ਬ. :  ਧੀ ਦੇ ਵਿਆਹ ਵਾਲੇ ਦਿਨ ਦਾਜ ਦੇ ਲੋਭੀ ਪੈਸਿਆਂ ਦੀ ਮੰਗ ਕਰਨ ਲੱਗ ਪੈਣ ਤਾਂ ਲੜਕੀ ਦੇ ਪਰਿਵਾਰ 'ਤੇ ਕੀ ਬੀਤੇਗੀ। ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ, ਜਿੱਥੇ ਪੀੜਤ ਲੜਕੀ ਹੱਥਾਂ 'ਤੇ ਮਹਿੰਦੀ ਲਗਾ ਕੇ ਸ਼ਗਨਾਂ ਦਾ ਚੂੜਾ ਪਾਉਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਦਾਜ ਦੇ ਲੋਭੀਆਂ ਨੇ ਵਿਆਹ ਵਾਲੇ ਦਿਨ ਇਸ ਕਰਕੇ ਰਿਸ਼ਤਾ ਤੋੜ ਦਿੱਤਾ, ਕਿਉਂਕਿ ਲੜਕੀ ਵਾਲਿਆਂ ਨੇ ਲਗਜ਼ਰੀ ਗੱਡੀ ਅਤੇ 15 ਲੱਖ ਰੁਪਏ ਦੀ ਮੰਗ ਪੂਰੀ ਨਹੀਂ ਕੀਤੀ।  ਪੀੜਤ ਪਰਿਵਾਰ ਨੇ ਹੁਣ ਭਾਦਸੋਂ ਥਾਣੇ ਵਿਚ ਦਾਜ ਦੇ ਲੋਭੀਆਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਨੇ ਲਾੜੇ ਨਰਿੰਦਰ ਸਿੰਘ, ਉਸ ਦੇ ਭਰਾ, ਭਰਜਾਈ, ਮਾਤਾ-ਪਿਤਾ, ਦਾਦੀ ਅਤੇ ਵਿਚੋਲਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦਾ ਵਿਆਹ ਨਾਭਾ ਬਲਾਕ ਦੇ ਪਿੰਡ ਦੁੱਲਦੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਨਾਲ 23 ਜਨਵਰੀ ਨੂੰ ਹੋਣਾ ਸੀ ਅਤੇ ਮੰਗਣੀ ਵਾਲੇ ਦਿਨ ਲੜਕੀ ਦੇ ਪਰਿਵਾਰ ਨੇ 4 ਲੱਖ ਸ਼ਗਨ ਦੀ ਰਸਮ ਅਦਾ ਕਰਨਾ ਸੀ, ਪਰ ਲੜਕੇ ਪਰਿਵਾਰ ਵੱਲੋ 7 ਲੱਖ ਡਿਮਾਂਡ ਤੇ ਸ਼ਗਨ 7 ਲੱਖ ਦਾ ਸ਼ਗਨ ਪਾਇਆ ਗਿਆ ਅਤੇ ਫਿਰ ਵਿਆਹ ਤੋ ਇਕ ਦਿੱਨ ਪਹਿਲਾਂ 15 ਲੱਖ ਦੀ ਡਿਮਾਂਡ ਤੋਂ ਇਲਾਵਾ ਲਗਜ਼ਰੀ ਗੱਡੀ ਅਤੇ ਪੈਲਸ ਵਿਚ ਸ਼ਰਾਬ ਦਾ ਅਰੇਂਜਮੈਂਟ ਕਰਨ ਦੀ ਗੱਲ ਕਹੀ। ਜਦੋਂ ਪੀੜਤ ਪਰਿਵਾਰ ਦਾਜ ਦੇ ਲੋਭੀਆਂ ਦੀ ਮੰਗ ਪੂਰੀ ਨਹੀਂ ਕਰ ਸਕਿਆ ਤਾਂ ਲੜਕੇ ਨਰਿੰਦਰ ਨੇ ਫੋਨ ਤੇ ਹੀ ਲੜਕੀ ਨੂੰ ਜਵਾਬ ਦੇ ਦਿੱਤਾ। ਵਿਆਹ ਤੋਂ ਪਹਿਲਾਂ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਨੂੰ ਆਈਲੈਟਸ ਕਰਨ ਲਈ ਕਿਹਾ ਗਿਆ। ਲੜਕਾ ਸਿਰਫ 8 ਪਾਸ ਹੀ ਦੱਸਿਆ ਜਾ ਰਿਹਾ ਹੈ, ਉਸ ਦਾ ਭਰਾ ਅਤੇ ਭਰਜਾਈ ਪਹਿਲਾਂ ਤੋਂ ਹੀ ਆਸਟ੍ਰਰੇਲੀਆ ਵਿਚ ਸੈਟਲ ਹਨ। ਪੀੜਤ ਲੜਕੀ ਨੇ ਕਿਹਾ ਕਿ ਮੰਗਣੀ ਦੇ ਬਾਅਦ ਤੋਂ ਹੀ ਇਨ੍ਹਾਂ ਦੀ ਬਹੁਤ ਡਿਮਾਂਡ ਸਨ ਅਤੇ ਅਸੀਂ ਡਿਮਾਂਡ ਪੂਰੀ ਕਰਦੇ ਰਹੇ ਅਤੇ ਹੁਣ ਪੈਸੇ ਅਤੇ ਲਗਜ਼ਰੀ ਗੱਡੀ ਦੀ ਮੰਗ ਕਰ ਰਹੇ ਸੀ ਅਤੇ ਜਦੋਂ  ਉਹ ਪਟਿਆਲਾ ਵਿਚ ਸ਼ਗਨ ਦਾ ਸਮਾਨ ਅਤੇ ਲਹਿੰਗਾ ਲੈਣ ਗਈ ਤਾਂ ਉਸ ਵੇਲੇ ਲੜਕੇ ਦਾ ਫੋਨ ਆਇਆ ਅਤੇ ਉਹ ਕਹਿਣ ਲੱਗਾ ਕਿ ਅਸੀਂ ਬਾਰਾਤ ਲੈ ਕੇ ਨਹੀਂ ਆ ਰਹੇ। ਇਹ ਗੱਲ ਸੁਣ ਕੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ। ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਹੀ ਪਤਾ ਨਹੀਂ ਸੀ ਕਿ ਦਾਜ ਦੇ ਲੋਭੀ ਵਿਆਹ ਵਾਲੇ ਦਿਨ ਰਿਸ਼ਤਾ ਤੋੜ ਦੇਣਗੇ। ਲੜਕੀ ਦੇ ਦਾਦਾ ਨੇ ਕਿਹਾ ਕਿ ਅਸੀਂ ਲੱਖਾ ਰੁਪਏ ਲੜਕੀ ਦੇ ਵਿਆਹ 'ਤੇ ਖਰਚ ਕੀਤੇ ਸਨ ਅਤੇ ਵਿਆਹ ਵਾਲੇ ਦਿਨ ਹੀ ਰਿਸ਼ਤਾ ਤੋੜ ਦਿੱਤਾ। ਅਸੀਂ 10 ਲੱਖ ਪਹਿਲਾਂ ਦਿੱਤੇ ਅਤੇ ਬਾਅਦ 'ਚ ਵਿਆਹ ਤੋ ਇੱਕ ਦਿਨ ਪਹਿਲਾਂ ਹੋਰ ਪੈਸੇ ਮੰਗਣ ਲੱਗੇ। ਥਾਣਾ ਭਾਦਸੋਂ ਦੇ ਇੰਚਾਰਜ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ਦੇ ਲੜਕੇ ਵਾਲਿਆਂ ਦੇ 6 ਮੈਂਬਰਾਂ ਅਤੇ ਵਿਚੋਲਣ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਲੜਕੇ ਵਾਲੇ ਪੈਸਿਆਂ ਅਤੇ ਕਾਰ ਦੀ ਮੰਗ ਕਰ ਰਹੇ ਸੀ, ਡਿਮਾਂਡ ਨਾ ਪੂਰੀ ਹੋਣ ਤੇ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.