ਕੋਬੀ ਬ੍ਰਾਇੰਟ ਦੀ ਧੀ ਸਣੇ ਹੈਲੀਕਾਪਟਰ 'ਚ ਸਵਾਰ ਸਾਰੇ 9 ਲੋਕਾਂ ਦੀ ਗਈ ਜਾਨ

ਕੈਲੀਫੋਰਨੀਆ, 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮਸ਼ਹੂਰ ਅਮਰੀਕੀ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਹੈਲੀਕਾਪਟਰ ਵਿੱਚ ਕੋਬੀ ਬ੍ਰਾਇੰਟ ਅਤੇ ਉਸ ਦੀ ਬੇਟੀ ਜਿਆਨਾ ਸਣੇ 9 ਲੋਕ ਸਵਾਰ ਸਨ। ਇਨ•ਾਂ ਸਾਰਿਆਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਸਮੇਂ ਅਮਰੀਕੀ ਖਿਡਾਰੀ ਕੋਬੀ ਬ੍ਰਾਇੰਟ ਆਪਣੇ ਨਿੱਜੀ ਹੈਲੀਕਾਪਟਰ ਰਾਹੀਂ ਯਾਤਰਾ ਕਰ ਰਹੇ ਸਨ। ਉਨ•ਾਂ ਦਾ ਹੈਲੀਕਾਪਟਰ ਜਿਵੇਂ ਹੀ ਕੈਲਾਬੈਸਸ ਸ਼ਹਿਰ ਉੱਤੋਂ ਲੰਘ ਰਿਹਾ ਸੀ, ਉਸ ਸਮੇਂ ਉਸ ਵਿੱਚ ਅੱਗ ਲੱਗ ਗਈ ਅਤੇ ਉਹ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਲਾਸ ਏਂਜਲਸ ਤੋਂ ਲਗਭਗ 65 ਕਿਲੋਮੀਟਰ ਦੂਰ ਹੋਇਆ। ਹੈਲੀਕਾਪਟਰ ਦੇ ਜ਼ਮੀਨ 'ਤੇ ਡਿੱਗਦੇ ਹੀ ਉਸ ਵਿੱਚ ਧਮਾਕਾ ਹੋ ਗਿਆ।
41 ਸਾਲਾ ਅਮਰੀਕੀ ਖਿਡਾਰੀ ਕੋਬੀ ਬ੍ਰਾਇੰਟ ਪ੍ਰਸਿੱਧ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ) ਵਿੱਚ 20 ਸਾਲ ਰਹੇ ਅਤੇ ਇਸ ਦੌਰਾਨ 5 ਚੈਂਪੀਅਨਸ਼ਿਪ ਆਪਣੇ ਨਾਮ ਕੀਤੀਆਂ। ਕੋਬੀ ਨੇ ਅਪ੍ਰੈਲ 2016 ਵਿੱਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਬ੍ਰਾਇੰਟ ਦੀਆਂ ਉਪਲੱਬਧੀਆਂ ਵਿੱਚ 2008 ਐਨਬੀਏ ਮੋਸਟ ਵੈਲਿਊਏਬਲ ਪਲੇਅਰ ਅਤੇ ਦੋ ਵਾਰ ਐਨਬੀਏ ਫਾਈਨਲ ਐਮਵੀਪੀ ਸ਼ਾਮਲ ਹੈ। ਉਹ ਦੋ ਵਾਰ ਐਨਬੀਏ ਸਕੋਰਿੰਗ ਚੈਂਪੀਅਨ ਅਤੇ ਦੋ ਵਾਰ ਓਲੰਪਿਕ ਚੈਂਪੀਅਨ ਵੀ ਰਹੇ। ਉਨ•ਾਂ ਨੇ 2018 ਵਿੱਚ ਬਾਸਕਿਟਬਾਲ 'ਤੇ ਬਣੀ ਐਨੀਮੇਟਡ ਫ਼ਿਲਮ ਲਈ ਔਸਕਰ ਵੀ ਜਿੱਤਿਆ ਸੀ।
ਬ੍ਰਾਇੰਟ ਦੀ ਮੌਤ ਕਾਰਨ ਬਾਲੀਵੁਡ ਜਗਤ ਵੀ ਸ਼ੋਕ ਵਿੱਚ ਡੁੱਬਿਆ ਹੈ। ਕਈ ਵੱਡੇ ਬਾਲੀਵੁਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕੋਬੀ ਬ੍ਰਾਇੰਟ ਨੂੰ ਯਾਦ ਕੀਤਾ। ਅਦਾਕਾਰ ਰਿਸ਼ੀ ਕਪੂਰ ਨੇ ਕੋਬੀ ਬ੍ਰਾਇੰਟ ਨੂੰ ਯਾਦ ਕਰਦੇ ਹੋਏ ਆਪਣੇ ਪੁੱਤਰ ਅਤੇ ਅਦਾਕਾਰ ਰਣਬੀਰ ਕਪੂਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਰਣਬੀਰ ਕਪੂਰ ਕੋਬੀ ਬ੍ਰਾਇੰਟ ਨਾਲ ਦਿਖਾਈ ਦੇ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.