ਲੜੀ ਵਿਚ ਹੂਝਾ ਫੇਰ ਜਿੱਤ ਦਰਜ ਕਰਨ ਵਾਲਾ ਪਹਿਲਾ ਮੁਲਕ ਬਣਿਆ

ਮਾਊਂਟ ਮੌਂਗੇਨੂਈ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੀ-20 ਕ੍ਰਿਕਟ ਵਿਚ ਨਵਾਂ ਇਤਿਹਾਸ ਸਿਰਜਦਿਆਂ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਲੜੀ 5-0 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਅੰਤਮ ਮੈਚ ਵਿਚ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ। ਟੌਸ ਜਿੱਤ ਦੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਭਾਰਤੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 163 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 41 ਗੇਂਦਾਂ ਵਿਚ 60 ਦੌੜਾਂ ਬਣਾਈਆਂ ਜਦਕਿ ਲੋਕੇਸ਼ ਰਾਹੁਲ ਨੇ 33 ਗੇਂਦਾਂ ਵਿਚ 45 ਦੌੜਾਂ ਦਾ ਯੋਗਦਾਨ ਦਿਤਾ। ਭਾਰਤੀ ਸਕੋਰ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਸਭ ਤੋਂ ਸਫ਼ਲ ਗੇਂਦਬਾਜ਼ ਜਸਪ੍ਰੀਤ ਬਮਰਾਹ ਰਿਹਾ ਜਿਸ ਨੇ ਨਿਊਜ਼ੀਲੈਂਡ ਦੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ। ਦੱਸ ਦੇਈਏ ਕਿ ਭਾਰਤੀ ਸਕੋਰ ਦਾ ਪਿੱਛਾ ਕਰਦਿਆਂ ਇਕ ਵੇਲੇ ਨਿਊਜ਼ੀਲੈਂਡ ਨੇ ਸਿਰਫ਼ 17 ਦੌੜਾਂ 'ਤੇ ਆਪਣੇ ਤਿੰਨ ਖਿਡਾਰੀ ਗੁਆ ਦਿਤੇ ਪਰ ਇਸ ਮਗਰੋਂ ਟਿਮ ਸੀਫ਼ਰਟ ਅਤੇ ਰੌਸ ਟੇਲਰ ਨੇ 99 ਦੌੜਾਂ ਦੀ ਭਾਈਵਾਲੀ ਕਰਦਿਆਂ ਸਕੋਰ ਨੂੰ ਅੱਗੇ ਵਧਾਇਆ। 13ਵੇਂ ਓਵਰ ਵਿਚ ਸੀਫ਼ਰਟ ਦੇ ਆਊਟ ਹੋਣ ਮਗਰੋਂ ਇਕ ਵਾਰ ਫਿਰ ਨਿਊਜ਼ੀਲੈਂਡ ਦੀ ਪਾਰੀ ਡਾਵਾਂਡੋਲ ਹੋ ਗਈ ਅਤੇ ਇਕ ਮਗਰੋਂ ਇਕ ਲਗਾਤਾਰ ਖਿਡਾਰੀ ਆਊਟ ਹੁੰਦੇ ਚਲੇ ਗਏ। ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਲੜੀ ਦੇ ਸਾਰੇ ਮੈਚ ਜਿੱਤਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.