ਨਵੀਂ ਦਿੱਲੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰੀਤੀ ਅਹਿਲਾਵਤ ਨਾਂ ਦੀ ਇਹ ਐਸਆਈ ਪਟਪੜਗੰਜ ਇੰਡਸਟਰੀਆ ਏਰੀਆ ਪੁਲਿਸ ਥਾਣੇ ਵਿੱਚ ਤਾਇਨਾਤ ਸੀ। ਉਸ ਦੀ ਲਾਸ਼ ਰੋਹਿਣੀ ਇਲਾਕੇ ਵਿੱਚੋਂ ਮਿਲੀ। ਰੋਹਿਣੀ ਈਸਟ ਮੈਟਰੋ ਸਟੇਸ਼ਨ ਦੇ ਨੇੜੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਪ੍ਰੀਤੀ ਅਹਿਲਾਵਤ 2018 ਵਿੱਚ ਹੀ ਦਿੱਲੀ ਪੁਲਿਸ ਵਿੱਚ ਭਰਤੀ ਹੋਈ ਸੀ।
ਅਜੇ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਲਾਤਕਾਰ ਕੇਸ ਨਾਲ ਜੁੜੀ ਕੋਈ ਜਾਂਚ ਕਰ ਰਹੀ ਸੀ, ਉਸ ਵਿੱਚ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ, ਪੁਲਿਸ ਹਰ ਐਂਗਲ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਰੰਜਿਸ਼ ਦਾ ਵੀ ਹੋ ਸਕਦਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁਝ ਸੁਰਾਗ ਮਿਲੇ ਹਨ, ਜਿਨ•ਾਂ ਦੇ ਆਧਾਰ 'ਤੇ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਹੋ ਸਕਦੀ ਹੈ।
ਘਟਨਾ ਸ਼ੁੱਕਰਵਾਰ ਰਾਤ ਲਗਭਗ ਸਾਢੇ 9 ਵਜੇ ਵਾਪਰੀ। ਰੋਹਿਣੀ ਇਲਾਕੇ ਵਿੱਚ ਰਹਿਣ ਵਾਲੀ ਪ੍ਰੀਤੀ ਅਹਿਲਾਵਤ ਨੂੰ ਮੈਟਰੋ ਸਟੇਸ਼ਨ ਦੇ ਨੇੜੇ ਗੋਲੀ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੇ ਸਿਰ ਵਿੱਚ ਲੱਗੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਬਰਾਮਦ ਕਰ ਲਈ ਹੈ। ਐਡਿਸ਼ਨਲ ਕਮਿਸ਼ਨਰ ਐਸਡੀ ਮਿਸ਼ਰਾ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰ ਲਈ ਹੈ। ਘਟਨਾ ਸਥਾਨ ਤੋਂ ਤਿੰਨ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਨਿੱਜੀ ਰੰਜਿਸ਼ ਹੋ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.