ਬੰਦ ਕਾਰਨ ਆਮ ਜੀਵਨ ਹੋਇਆ ਪ੍ਰਭਾਵਤ

ਸ੍ਰੀਨਗਰ, 9 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕਸ਼ਮੀਰ ਵਿਚ ਐਤਵਾਰ ਨੂੰ 2-ਜੀ ਇੰਟਰਨੈਟ ਸੇਵਾ ਮੁੜ ਬੰਦ ਕਰ ਦਿਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਉਪਰ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਸੱਤਵੀਂ ਬਰਸੀ ਦੇ ਮੱਦੇਨਜ਼ਰ ਅਹਿਤਿਆਤੀ ਕਦਮਾਂ ਵਜੋਂ ਇੰਟਰਨੈਟ ਸੇਵਾ ਬੰਦ ਕੀਤੀ ਗਈ। ਬੰਦ ਦੇ ਸੱਦੇ ਕਾਰਨ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਟ੍ਰਾਂਸਪੋਰਟ ਸੇਵਾ ਵੀ ਠੱਪ ਰਹੀ। ਬੰਦ ਦੌਰਾਨ ਵਾਦੀ ਦੇ ਕਿਸੇ ਇਲਾਕੇ ਤੋਂ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲੀ। ਵੱਖਵਾਦੀ ਜਥੇਬੰਦੀਆਂ ਨੇ ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਬੰਦ ਦਾ ਸੱਦਾ ਦਿਤਾ ਸੀ ਅਤੇ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਐਤਵਾਰ ਵੱਡੇ ਤੜਕੇ ਹੀ ਮੋਬਾਇਲ ਇੰਟਰਨੈਟ ਬੰਦ ਕਰ ਦਿਤਾ ਗਿਆ। ਇਸੇ ਦਰਮਿਆਨ ਪੁਲਿਸ ਨੇ ਪਾਬੰਦੀਸ਼ੁਦਾ ਜਥੇਬੰਦੀ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਵਿਰੁੱਧ ਐਫ.ਆਈ.ਆਰ. ਦਰਜ ਕਰ ਲਈ। ਜੇ.ਕੇ.ਐਲ.ਐਫ਼. ਵੱਲੋਂ ਵੀ ਬੰਦ ਦਾ ਸੱਦਾ ਦਿਤਾ ਗਿਆ ਸੀ। ਜੇ.ਕੇ.ਐਲ.ਐਫ਼. ਵੱਲੋਂ ਜਾਰੀ ਬੰਦ ਦੇ ਸੱਦੇ ਨਾਲ ਸਬੰਧਤ ਪ੍ਰੈਸ ਬਿਆਨ ਛਾਪਣ ਦੇ ਦੋਸ਼ ਹੇਠ ਦੋ ਪੱਤਰਕਾਰਾਂ ਨੂੰ ਪੁਲਿਸ ਨੇ ਤਲਬ ਕਰ ਲਿਆ ਅਤੇ ਪੰਜ ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਦੱਸ ਦੇਈਏ ਕਿ ਜੇ.ਕੇ.ਐਲ. ਐਫ਼. ਵੱਲੋਂ ਆਪਣੇ ਬਾਨੀ ਮੁਹੰਮਦ ਮਕਬੂਲ ਭੱਟ ਦੀ ਬਰਸੀ ਮੌਕੇ ਮੰਗਲਵਾਰ ਨੂੰ ਵੀ ਬੰਦ ਦਾ ਸੱਦਾ ਦਿਤਾ ਗਿਆ ਹੈ।

 

ਹੋਰ ਖਬਰਾਂ »

ਹਮਦਰਦ ਟੀ.ਵੀ.