ਸ਼ਿਵ ਸੈਨਾ ਹਿੰਦੂਸਤਾਨ ਨੇਤਾ 'ਤੇ ਹਮਲਾ, ਹਾਲਤ ਗੰਭੀਰ


ਧਾਰੀਵਾਲ,  11 ਫ਼ਰਵਰੀ, ਹ.ਬ. : ਸ਼ਿਵ ਸੈਨਾ ਹਿੰਦੂਸਤਾਨ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ 'ਤੇ ਸ਼ਾਮ ਵੇਲੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਵਿਚ ਜਿੱਥੇ ਹਨੀ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਉਥੇ ਹੀ ਅੰਨ੍ਹੇਵਾਹ ਫਾਇਰਿੰਗ ਦੀ ਲਪੇਟ ਵਿਚ ਆਏ ਗੁਆਂਢੀ ਦੁਕਾਨਦਾਰ ਅਸ਼ੋਕ ਕੁਮਾਰ ਦੇ ਸਿਰ ਅਤੇ ਛਾਤੀ ਵਿਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸੋਮਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਵਾਪਰੀ।
ਕਰੀਬ 10 ਗੋਲੀਆਂ ਚੱਲਣ ਤੋਂ ਬਾਅਦ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਪੰਹੁਚਾਇਆ ਗਿਆ ਜਿੱਥੇ ਡਾਕਟਰਾਂ ਨੇ ਅਸ਼ੋਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦ ਕਿ ਜ਼ਖ਼ਮੀ ਹਨੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਬਾਜ਼ਾਰ ਵਿਚ ਫਾਇਰਿੰਗ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਹਮਲੇ ਤੋਂ ਨਿਰਾਸ਼ ਹਿੰਦੂ ਸੰਗਠਨਾਂ ਨੇ ਧਾਰੀਵਾਲ ਬੰਦ ਦੀ ਅਪੀਲ ਕੀਤੀ।  ਹਨੀ ਦੇ ਸਾਥੀਆਂ ਨੇ ਹਮਲੇ ਦੇ ਪਿੱਛੇ ਖਾਲਿਸਤਾਨੀ ਸਮਰਥਕਾਂ ਦਾ ਹੱਥ ਹੋਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਐਸਐਸਪੀ ਸਵਰਣਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਸਪੌਟ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ। ਸਾਰੇ ਪਹਿਲੂਆਂ ਨੂੰ ਮੱਦੇਨਜ਼ਰ ਰਖਦਿਆਂ ਜਾਂਚ  ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਸਵਿਫਟ ਕਾਰ ਵਿਚ ਸਵਾਰ ਦੋ ਹਮਲਾਵਰ ਡਾਡੀਆਂ ਰੋਡ 'ਤੇ ਹਨੀ ਦੀ ਦੁਕਾਨ ਦੇ ਕੋਲ ਹੀ ਰੁਕ ਗਏ। ਪਲਾਨਿੰਗ ਤਹਿਤ ਗੱਡੀ ਤੋਂ ਉਤਰ ਕੇ ਸ਼ੀਸ਼ਾ ਸਾਫ ਕਰਨ ਲੱਗੇ। ਉਸ ਸਮੇਂ ਹਨੀ ਪੁੱਤਰ ਰਾਕੇਸ਼ ਮਹਾਜਨ ਨਿਵਾਸੀ ਧਾਰੀਵਾਲ ਅਪਣੀ ਡਡਵਾਂ ਰੋਡ ਸਥਿਤ ਦੁਕਾਨ 'ਤੇ ਖੜ੍ਹਾ ਸੀ। ਹਮਲਾਵਰਾਂ ਨੇ ਸੜਕ ਦੇ ਦੂਜੇ ਪਾਸੇ ਤੋਂ ਹਨੀ ਮਹਾਜਨ 'ਤੇ ਫਾਇਰਿੰਗ ਕਰ ਦਿੱਤੀ।  ਜਿਸ ਨਾਲ ਹਨੀ ਨੂੰ 3 ਗੋਲੀਆਂ ਲੱਗੀਆਂ। ਅਸ਼ੋਕ ਕੁਮਾਰ ਦੇ ਸਿਰ ਅਤੇ ਛਾਤੀ ਵਿਚ ਗੋਲੀਆਂ ਲੱਗੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.