ਦਿੱਲੀ ਦੇ ਇੰਦਰਾਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਈ ਗ੍ਰਿਫ਼ਤਾਰੀ

ਨਵੀਂ ਦਿੱਲੀ, 12 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਮੂੰਗਫਲੀ ਵਿੱਚ ਵਿਦੇਸ਼ੀ ਮੁਦਰਾ ਛੁਪਾ ਕੇ ਲਿਆਇਆ ਸੀ। ਉਸ ਨੇ ਵਿਦੇਸ਼ੀ ਨੋਟਾਂ ਨੂੰ ਮੂੰਗਫਲੀ ਦੇ ਖੋਲਾਂ ਵਿੱਚ ਚਿਪਕਾਇਆ ਹੋਇਆ ਸੀ। ਮੁਲਜ਼ਮ ਦੀ ਪਛਾਣ ਮੁਰਾਦ ਆਲਮ ਦੇ ਤੌਰ 'ਤੇ ਹੋਈ ਹੈ। ਇਹ ਗ੍ਰਿਫ਼ਤਾਰੀ ਕੇਂਦਰੀ ਉਦਯੋਗਿਕ ਸੁਰੱਖਿਆ ਦਸਤੇ (ਸੀਆਈਐਸਐਫ਼) ਨੇ ਕੀਤੀ। ਉਸ ਕੋਲੋਂ 45 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਮੁਦਰਾ ਜ਼ਬਤ ਕੀਤੀ ਗਈ ਹੈ। ਮੁਲਜ਼ਮ ਨੇ ਕੁਝ ਵਿਦੇਸ਼ੀ ਮੁਦਰਾ ਬਿਸਕੁਟ ਦੇ ਪੈਕਟ ਅਤੇ ਖਾਣ-ਪੀਣ ਦੀਆਂ ਹੋਰਨਾਂ ਚੀਜ਼ਾਂ ਵਿੱਚ ਵੀ ਛੁਪਾਈ ਹੋਈ ਸੀ। ਸੀਆਈਐਸਐਫ਼ ਨੇ ਮੁਲਜ਼ਮ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ ਮੁਰਾਦ ਆਲਮ ਇਹ ਵਿਦੇਸ਼ੀ ਮੁਦਰਾ ਦੁਬਈ ਤੋਂ ਲੈ ਕੇ ਆ ਰਿਹਾ ਸੀ। ਹਵਾਈ ਅੱਡੇ 'ਤੇ ਤਾਇਨਾਤ ਸੀਆਈਐਸਐਫ਼ ਦੇ ਅਧਿਕਾਰੀਆਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ ਵਿਦੇਸ਼ੀ ਮੁਦਰਾ ਬਰਾਮਦ ਹੋਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀਆਈਐਸਐਫ਼ ਨੇ ਇਟਲੀ ਜਾ ਰਹੇ ਯਾਤਰੀ ਅਮਰੀਕ ਸਿੰਘ ਤੋਂ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਏਅਰਪੋਰਟ ਦੇ ਟਰਮੀਨਲ-3 ਉੱਤੇ ਤਾਇਨਾਤ ਸੀਆਈਐਸਐਫ਼ ਜਵਾਨ ਨੇ ਉਸ ਦੀ ਬੈਗ ਦੀ ਸਕੈਨਿੰਗ ਕਰਦੇ ਸਮੇਂ ਇਹ ਕਾਰਤੂਸ ਫੜੇ। ਇਸ ਤੋਂ ਬਾਅਦ ਸੀਆਈਐਸਐਫ਼ ਨੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਭਾਰਤੀ ਹਵਾਈ ਨਿਯਮਾਂ ਦੇ ਮੁਤਾਬਕ ਏਅਰਪੋਰਟ ਟਰਮੀਨਲ ਇਲਾਕੇ ਜਾਂ ਜਹਾਜ਼ ਵਿੱਚ ਹਥਿਆਰ ਜਾਂ ਬੁਲਟ ਲਿਜਾਣ 'ਤੇ ਪਾਬੰਦੀ ਹੈ।  

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.