ਸਰੀ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਦੁਖਦਾਇਕ ਖ਼ਬਰ ਹੈ, ਜਿੱਥੇ ਬੀਤੇ ਦਿਨੀਂ ਲਾਪਤਾ ਹੋਏ 23 ਸਾਲਾ ਪੰਜਾਬੀ ਨੌਜਵਾਨ ਰਤਨਜੋਤ ਸਿੱਧੂ ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਪੁਸ਼ਟੀ ਸਰੀ ਆਰਸੀਐਮਪੀ ਨੇ ਕੀਤੀ ਹੈ। ਸਰੀ ਆਰਸੀਐਮਪੀ ਵੱਲੋਂ 9 ਫਰਵਰੀ ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ ਰਤਨਜੋਤ ਸਿੱਧੂ ਨੂੰ ਆਖਰੀ ਵਾਰ 8 ਫਰਵਰੀ ਨੂੰ ਦੁਪਹਿਰ ਲਗਭਗ ਸਾਢੇ 11 ਵਜੇ ਸਰੀ ਦੇ 184ਵੀਂ ਸਟਰੀਟ ਦੇ 6600 ਬਲਾਕ ਵਿੱਚ ਦੇਖਿਆ ਗਿਆ ਸੀ। ਉਹ ਇੱਕ ਪੰਜਾਬੀ ਮੂਲ ਦਾ ਨੌਜਵਾਨ ਸੀ, ਜਿਸ ਦੀ ਲੰਬਾਈ 5 ਫੁੱਟ 9 ਇੰਚ (175 ਸੈਂਟੀਮੀਟਰ) ਅਤੇ ਭਾਰ ਲਗਭਗ 70 ਕਿੱਲੋ ਸੀ। ਭੂਰੀਆਂ ਅੱਖਾਂ ਅਤੇ ਦਰਮਿਆਨੇ ਕੱਦ ਦਾ ਮਾਲਕ ਇਹ ਨੌਜਵਾਨ ਜਦੋਂ ਲਾਪਤਾ ਹੋਇਆ ਉਸ ਵੇਲੇ ਉਸ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਕਾਲੀ ਪੈਂਟ ਤੇ ਜਾਕਟ ਤੇ ਕਾਲੇ-ਸੰਤਰੀ ਰੰਗ ਦੇ ਜੁੱਤੇ ਪਾਏ ਹੋਏ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਸਰੀ ਆਰਸੀਐਮਪੀ ਨਾਲ ਫੋਨ ਨੰਬਰ 604-599-0502 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.