ਗੁਰਦਾਸਪੁਰ : ਹਿੰਦੂ ਨੇਤਾ 'ਤੇ ਹਮਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ


ਗੁਰਦਾਸਪੁਰ,  14 ਫ਼ਰਵਰੀ, ਹ.ਬ. : ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿਚ ਤਿੰਨ ਦਿਨ ਪਹਿਲਾਂ Îਇੱਕ  ਸ਼ਿਵ ਸੈਨਾ  ਨੇਤਾ ਅਤੇ ਗੁਆਂਢੀ ਦੁਕਾਨਦਾਰ 'ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਦੇ ਸਕੈੱਚ ਜਾਰੀ ਕੀਤੇ ਹਨ। ਪੁਲਿਸ ਮੁਤਾਬਕ ਬੀਤੇ ਦਿਨ ਸ਼ਿਵ ਸੈਨਾ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਹਨੀ ਮਹਾਜਨ 'ਤੇ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਮਹਾਜਨ ਦੇ ਨੇੜੇ ਖੜ੍ਹੇ ਇੱਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ, ਮਹਾਜਨ ਖੁਦ ਵੀ ਜ਼ਖਮੀ ਹੋ ਗਿਆ ਸੀ। ਹਮਲਾਵਰਾਂ  ਦੀ ਪਛਾਣ ਦੀ ਕੋਸ਼ਿਸ਼ਾਂ ਜਾਰੀ ਹਨ, ਇਸੇ ਦੇ ਚਲਦਿਆਂ ਹਮਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ ਕੀਤੇ ਗਏ ਹਨ।
ਘਟਨਾ ਸੋਮਵਾਰ 10 ਫਰਵਰਰੀ ਦੇਰ ਸ਼ਾਮ ਕਰੀਬ ਸਾਢੇ 6 ਵਜੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੀ ਹੈ, ਜਦ ਸ਼ਿਵ ਸੈਨਾ ਹਿੰਦੂਸਤਾਨ ਉਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਪੁੱਤਰ ਰਾਕੇਸ਼ ਮਹਾਜਨ ਡਡਵਾਂ ਰੋਡ 'ਤੇ ਸਥਿਤ ਅਪਣੀ ਦੁਕਾਨ ਦੇ ਬਾਹਰ ਖੜ੍ਹੇ ਸੀ। ਗੁਆਂਢੀ  ਦੁਕਾਨਦਾਰ ਅਸ਼ੋਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵੀ ਕਰਿਆਨੇ ਦੀ ਦੁਕਾਨ 'ਤੇ ਸੀ। ਅਚਾਨਕ ਇੱਕ ਸਵਿਫਟ ਕਾਰ ਆ ਕੇ ਰੁਕੀ। ਇਸ ਵਿਚੋਂ ਉਤਰੇ ਦੋ ਅਣਪਛਾਤੇ ਲੋਕ ਗੱਡੀ ਦਾ ਸ਼ੀਸ਼ਾ ਸਾਫ ਕਰਨ ਲੱਗੇ ਅਤੇ ਇਸ ਤੋਂ ਪਹਿਲਾਂ ਕੋਈ ਕੁਝ ਸਮਝਦਾ, ਦੋਵੇਂ ਅਣਪਛਾਤਿਆਂ ਨੇ ਹਨੀ ਮਹਾਜਨ 'ਤੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ।
ਹਨੀ ਦੀਆਂ ਲੱਤਾਂ 'ਤੇ ਤਿੰਨ ਗੋਲੀਆਂ ਲੱਗੀਆਂ ਜਦ ਕਿ ਅਸ਼ੋਕ ਕੁਮਾਰ ਦੇ ਸਿਰ ਅਤੇ ਛਾਤੀ 'ਤੇ ਵੀ ਗੋਲੀਆਂ ਲੱਗੀਆਂ। ਹਮਲਾਵਰ ਹਨ੍ਹੇਰੇ ਦਾ ਫਾਇਦਾ ਲੈ ਕੇ ਅਪਣੀ ਗੱਡੀ ਸਣੇ ਮੌਕੇ ਤੋਂ ਫਰਾਰ ਹੋ ਗਏ। ਡਾਕਟਰਾਂ ਨੇ ਅਸ਼ੋਕ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹਨੀ ਮਹਾਜਨ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.