ਹੁਣ ਇਰਾਕ ਵਿੱਚ ਆਪਣਾ ਮਿਸ਼ਨ ਜਾਰੀ ਰੱਖਣਗੇ ਕੈਨੇਡਾ ਦੇ ਫ਼ੌਜੀ ਜਵਾਨ

ਔਟਾਵਾ, 14 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਨਾਟੋ ਮਿਸ਼ਨ ਜਾਰੀ ਰੱਖਣ ਦਾ ਫ਼ੈਸਲਾ ਕਰਨ 'ਤੇ ਇਰਾਕ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਉਨ•ਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਇਰਾਕ ਸਰਕਾਰ ਨੇ ਨਾਟੋ ਦੇ ਕੈਨੇਡਾ ਦੀ ਅਗਵਾਈ ਵਾਲੇ ਟ੍ਰੇਨਿੰਗ ਮਿਸ਼ਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਕਈ ਹਫ਼ਤੇ ਪਹਿਲਾਂ ਇਰਾਕ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਸਾਰੇ ਵਿਦੇਸ਼ੀ ਫ਼ੌਜੀ ਦਸਤਿਆਂ ਨੂੰ ਦੇਸ਼ ਵਿੱਚੋਂ ਚਲੇ ਜਾਣ ਲਈ ਕਹਿ ਦਿੱਤਾ ਸੀ।
ਇਰਾਕ ਦੀ ਸੰਸਦ ਨੇ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਇਹ ਮਤਾ ਪਾਸ ਕੀਤਾ, ਜਿਸ ਨੂੰ ਅਮਰੀਕੀ ਫ਼ੌਜ ਨੇ ਬਗਦਾਦ ਹਵਾਈ ਅੱਡੇ ਦੇ ਨੇੜੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਰਾਕ ਨੇ ਨਾ ਸਿਰਫ਼ ਨਾਟੋ ਮਿਸ਼ਨ, ਸਗੋਂ ਅੱਤਵਾਦੀ ਸੰਗਠਨ ਆਈਐਸਆਈ ਵਿਰੁੱਧ ਸਮੁੱਚੇ ਕੌਮਾਂਤਰੀ ਯਤਨਾਂ 'ਤੇ ਰੋਕ ਲਾ ਦਿੱਤੀ ਸੀ।
ਰੱਖਿਆ ਮੰਤਰੀ ਹਰਜੀਤ ਸੱਜਣ ਨੇ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਤੋਂ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਨਾਟੋ ਮਿਸ਼ਨ ਮੁੜ ਤੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਅੱਤਵਾਦ ਦੇ ਖਾਤਮੇ ਲਈ ਇਹ ਮਿਸ਼ਨ ਬਹੁਤ ਜ਼ਰੂਰੀ ਹੈ। ਇਰਾਕ ਸਰਕਾਰ ਨੇ ਇਸ ਦੇ ਲਈ ਸਹਿਮਤੀ ਦੇ ਕੇ ਸਪੱਸ਼ਟ ਤੌਰ 'ਤੇ ਇੱਕ ਹਾਂਵਾਚਕ ਕਦਮ ਪੁੱਟਿਆ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਉਨ•ਾਂ ਕਿਹਾ ਕਿ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਸੁਰੱਖਿਆ ਚਿੰਤਾਵਾਂ ਕਾਰਨ ਨਾਟੋ ਮਿਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਈਰਾਕ ਦੀ ਸੰਸਦ ਵੱਲੋਂ ਮਤਾ ਪਾਸ ਕਰਨ 'ਤੇ ਕੈਨੇਡੀਅਨ ਫ਼ੌਜ ਦੀਆਂ ਕਈ ਟੁਕੜੀਆਂ ਨੂੰ ਗੁਆਂਢੀ ਮੁਲਕ ਕੁਵੈਤ ਵਿੱਚ ਭੇਜ ਦਿੱਤਾ ਗਿਆ ਸੀ, ਪਰ ਹੁਣ ਉਨ•ਾਂ ਨੂੰ ਵਾਪਸ ਇਰਾਕ ਸੱਦ ਲਿਆ ਜਾਵੇਗਾ। ਇਹ ਨਿਰਧਾਰਤ ਕਰਨ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਕਿ ਕੈਨੇਡਾ ਦੀ ਅਗਵਾਈ ਵਾਲੇ ਨਾਟੋ ਦੇ ਟ੍ਰੇਨਿੰਗ ਮਿਸ਼ਨ ਨੂੰ ਦੁਬਾਰਾ ਕਦੋਂ ਸ਼ੁਰੂ ਕੀਤਾ ਜਾਵੇ। ਇਸ ਮਿਸ਼ਨ ਵਿੱਚ 250 ਕੈਨੇਡੀਅਨ ਫ਼ੌਜੀ ਸ਼ਾਮਲ ਹਨ।
ਦੱਸ ਦੇਈਏ ਕਿ ਵੀਰਵਾਰ ਨੂੰ ਇਰਾਕ ਸਰਕਾਰ ਦੇ ਫ਼ੈਸਲੇ ਦਾ ਐਲਾਨ ਕਰਦੇ ਹੋਏ ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟਨਬਰਗ ਨੇ ਵੀ ਖੁਲਾਸਾ ਕੀਤਾ ਕਿ ਅਮਰੀਕਾ ਦੀ ਅਗਵਾਈ ਵਾਲਾ ਗਠਜੋੜ ਵੀ ਇਰਾਕ ਵਿੱਚ ਆਪਣੇ ਯਤਨਾਂ ਵਿਸਥਾਰ ਕਰਨ ਲਈ ਸਹਿਮਤ ਹੋ ਗਿਆ ਹੈ। ਇਹ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸੱਦੇ ਮਗਰੋਂ ਕੀਤਾ ਗਿਆ, ਜਿਸ ਵਿੱਚ ਉਨ•ਾਂ ਨੇ ਮੱਧ ਪੂਰਬ ਵਿੱਚ ਨਾਟੋ ਦੇ ਯਤਨ ਹੋਰ ਤੇਜ਼ ਕਰਨ ਲਈ ਸੱਦਾ ਦਿੱਤਾ ਸੀ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.