ਹੁਸ਼ਿਆਰਪੁਰ,  15 ਫ਼ਰਵਰੀ, ਹ.ਬ. : 6 ਹਜ਼ਾਰ ਕਰੋੜ ਰੁਪਏ ਦੇ ਭੋਲਾ ਡਰੱਗ ਕੇਸ ਵਿਚ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕੈਨੇਡਾ ਅਤੇ ਇੰਗਲੈਂਡ ਵਿਚ ਇਸ ਡਰੱਗ ਰੈਕੇਟ ਵਿਚ ਵਾਂਟੇਡ 15 ਐਨਆਰਆਈਜ਼ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਇਹ ਵਾਰੰਟ ਈਡੀ ਵਲੋਂ ਇਸ ਕੇਸ ਵਿਚ ਦਾਇਰ ਕੀਤੇ   9 ਮਾਮਲਿਆਂ ਵਿਚ ਕੀਤੇ ਗਏ ਹਨ। ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇਨ੍ਹਾਂ ਐਨਆਰਆਈਜ਼ ਨੂੰ ਈਡੀ ਇੰਟਰਪੋਲ ਦੇ ਜ਼ਰੀਏ ਗ੍ਰਿਫਤਾਰ ਕਰਵਾ ਸਕਦੀ ਹੈ।
ਇਨ੍ਹਾਂ ਵਿਚ ਕੈਨੇਡਾ ਦੇ ਉਹ ਐਨਆਰਆਈ ਵੀ ਸ਼ਾਮਲ ਹਨ ਜਿਨ੍ਹਾ ਦੀ ਲਿਸਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਦੌਰੇ ਦੌਰਾਨ ਅੰਮ੍ਰਿਤਸਰ ਵਿਚ ਸੌਂਪੀ ਸੀ।
ਇੱਕ ਦੂਜੇ ਮਾਮਲੇ ਵਿਚ ਸ਼ਾਮਲ ਐਨਆਰਆਈ ਅਨੂਪ ਸਿੰਘ ਕਾਹਲੋਂ ਜ਼ਮਾਨਤ ਤੋਂ ਬਾਅਦ ਭਾਰਤ ਤੋਂ ਫਰਾਰ ਹੋ ਗਿਆ ਹੈ। ਹਾਲਾਂਕਿ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਕਾਹਲੋਂ ਸਾਊਥ ਅਫ਼ਰੀਕਾ ਵਿਚ ਫੜਿਆ ਗਿਆ ਹੈ ਲੇਕਿਨ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਕਾਹਲੋਂ ਦੇ ਫਰਾਰ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਕਰਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਕਾਹਲੋਂ ਕੋਲੋਂ 20 ਕਿਲੋ ਤੋਂ ਜ਼ਿਆਦਾ ਹੈਰੋਇਨ ਫੜੀ ਗਈ ਸੀ ਅਤੇ 2019 ਵਿਚ ਉਸ ਨੂੰ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਵਲੋਂ ਦਾਇਰ ਕੀਤੇ ਗਏ ਡਰੱਗ ਕੇਸ ਵਿਚ 12 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਬਾਅਦ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਕਾਹਲੋਂ ਨੂੰ ਈਡੀ ਦੇ ਕੇਸ ਵਿਚ ਵੀ ਜ਼ਮਾਨਤ ਮਿਲ ਗਈ ਸੀ ਲੇਕਿਨ ਉਹ ਮੁੜ ਈਡੀ ਵਾਲੇ ਕੇਸ ਵਿਚ ਅਦਾਲਤ ਵਿਚ ਪੇਸ਼ ਨਹੀਂ ਹੋਏ। ਪਤਾ ਚਲਿਆ ਕਿ ਉਹ ਭਾਰਤ ਤੋਂ ਫਰਾਰ ਹੋ ਗਿਆ ਹੈ। ਮੰਨਿਆ ਜਾ ਰਿਹਾ ਕਿ ਕਾਹਲੋਂ ਨੇਪਾਲ ਦੇ ਰਸਤੇ ਭੱਜਿਆ ਹੈ।
ਇਸ ਕੇਸ ਵਿਚ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ  ਕਈ ਐਨਆਰਆਈ 'ਤੇ ਦਰਜ ਕੀਤਾ ਸੀ। ਹੁਣ ਉਸੇ ਕੇਸ ਵਿਚ ਕੈਨੇਡਾ ਵਿਚ ਰਹਿ ਰਹੇ ਸਤਪ੍ਰੀਤ ਸੱਤਾ, ਪਰਮਿੰਦਰ ਪਿੰਦੀ, ਅਮਰਿੰਦਰ ਸਿੰਘ ਲਾਡੀ, ਗੁਰਸੇਵਕ ਸਿੰਘ ਢਿੱਲੋਂ, ਮਹੇਸ਼ ਕੁਮਾਰ ਗਾਵਾ, ਰਾਏ ਬਹਾਦਰ ਨਰਬਲ, ਸਰਵਜੀਤ ਸਿੰਘ ਸੰਧਰ, ਰਣਜੀਤ ਕੌਰ ਕਾਹਲੋਂ, ਨਿਰੰਕਾਰ ਸਿੰਘ ਢਿੱਲੋਂ ਉਰਫ ਨੌਰੰਗ, ਰਣਜੀਤ ਸਿੰਘ ਔਜਲਾ,ਪ੍ਰਦੀਪ ਸਿੰਘ ਧਾਰੀਵਾਲ, ਅਮਰਜੀਤ ਸਿੰਘ ਕੁੰਨਰ, ਲਹਿੰਬਰ ਸਿੰਘ ਅਤੇ ਪ੍ਰਮੋਦ ਸ਼ਰਮਾ ਉਰਫ ਟੋਨੀ ਅਤੇ ਦਾਰਾ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ ਸਤਪ੍ਰੀਤ ਸੱਤਾ, ਪਿੰਦੀ, ਅਮਰਿੰਦਰ ਲਾਡੀ ਤਾਂ ਕੈਨੇਡਾ ਵਿਚ ਹਨ ਅਤੇ ਕੁਝ ਇੰਗਲੈਂਡ ਦੇ ਵੀ ਸ਼ਾਮਲ ਹਨ।
ਸਤਪ੍ਰੀਤ ਸੱਤਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਰਹਿ ਰਿਹਾ ਹੈ ਅਤੇ ਪਤਾ ਚਲਿਆ ਕਿ ਉਥੇ ਕਰੀਬ ਦੋ ਸਾਲ ਪਹਿਲਾਂ 10 ਮਿਲੀਅਨ ਤੋਂ ਜ਼ਿਆਦਾ ਦੀ ਇੱਕ ਵੱਡੀ ਬਿਲਡਿੰਗ ਉਥੇ ਸੱਤਾ ਦੇ ਇੱਕ ਕਰੀਬੀ ਨੇ ਖਰੀਦੀ ਸੀ ਜਿਸ ਦੇ ਬਾਰੇ ਵਿਚ ਕੈਨੇਡਾ ਵਿਚ ਕਾਫੀ ਚਰਚਾ ਹੁੰਦੀ ਰਹੀ ਹੈ।
ਇਹ ਲੋਕ ਪੰਜਾਬ ਤੋਂ ਦਵਾਈਆਂ ਵਿਚ ਇਸਤੇਮਾਲ ਹੋਣ ਵਾਲੇ ਕੈਮੀਕਲ ਨੂੰ ਸਸਤੇ ਭਾਅ 'ਤੇ ਖਰੀਦ  ਕੇ ਇੱਕ ਡਰੱਗ ਤਿਆਰ ਕਰਦੇ ਸੀ ਜਿਸ ਨੂੰ ਕੈਨੇਡਾ ਵਿਚ ਆਈਸ ਕਿਹਾ ਜਾਂਦਾ ਹੈ ਅਤੇ ਇੰਗਲੈਂਡ ਵਿਚ ਉਸ ਨੂੰ ਸਪੀਡ ਦੇ ਨਾਂ ਤੋਂ ਜਾਣਿਅ ਜਾਂਦਾ ਹੈ। ਇਹ ਡਰੱਗ ਜ਼ਿਆਦਾਤਰ ਰੇਵ ਪਾਰਟੀਆਂ ਵਿਚ ਇਸਤੇਮਾਲ ਕੀਤੀ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.