ਅੰਮ੍ਰਿਤਸਰ,  21 ਫ਼ਰਵਰੀ, ਹ.ਬ. : ਪੁਲਿਸ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਦੋਵਾਂ ਨੇ ਰਣਜੀਤ ਐਵਨਿਊ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੂੰ ਪੱਤਰ ਭੇਜ ਕੇ 10 ਲੱਖ ਦੀ ਫਿਰੌਤੀ ਮੰਗੀ ਸੀ। ਸ਼ਿਕਾਇਤ 'ਤੇ ਪੁਲਿਸ ਨੇ ਟਰੈਪ ਲਾ ਕੇ ਲੋਹਾਰਕਾ ਰੋਡ ਤੋਂ ਕਾਬੂ ਕਰ ਲਿਆ। ਦੋਵਾਂ ਦੀ ਪਛਾਣ ਪ੍ਰਭਜੋਤ ਸਿੰਘ ਨਿਵਾਸੀ ਰਣਜੀਤ ਵਿਹਾਰ ਅਤੇ ਸੰਜੀਵ ਕੁਮਾਰ ਨਿਵਾਸੀ ਫੈਜਪੁਰਾ ਦੇ ਰੂਪ ਵਿਚ  ਹੋਈ ਹੈ। ਇਨ੍ਹਾਂ ਦੇ ਕਬਜ਼ੇ ਤੋਂ ਆਈ 20 ਕਾਰ, ਇੱਕ ਰਿਵਾਲਵਰ ਅਤੇ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਥਾਣਾ ਇੰਚਾਰਜ ਰੋਬਿਨ ਹੰਸ ਨੇ ਦੱਸਿਆ ਕਿ ਬਦਮਾਸ਼ਾਂ ਨੇ 18 ਫਰਵਰੀ ਨੂੰ ਭੁਪਿੰਦਰ ਸਿੰਘ ਦੀ ਕਾਰ ਦੇ ਉਪਰ ਇੱਕ ਪੱਤਰ ਲਿਖ ਕੇ ਰੱਖ ਦਿੱਤਾ। ਜਦ ਪੱਤਰ ਪੜ੍ਹਿਆ ਤਾਂ ਉਸ ਵਿਚ ਲਿਖਿਆ ਸੀ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ ਅਤੇ ਉਨ੍ਹਾਂ 10 ਲੱਖ ਰੁਪਏ ਦੀ ਫਿਰੌਤੀ ਦਿੱਤੀ ਜਾਵੇ। ਜੇਕਰ ਫਿਰੌਤੀ ਨਹੀਂ ਦਿੱਤੀ ਗਈ ਤਾਂ ਉਹ ਉਸ ਦੇ ਬੇਟੇ ਨੂੰ ਮਾਰ ਦੇਣਗੇ। ਭੁਪਿੰਦਰ ਸਿੰਘ ਨੂੰ ਫਿਰੌਤੀ ਦੀ ਰਕਮ ਸਣੇ ਸੀ ਬਲਾਕ ਮਾਰਕਿਟ ਵਿਚ ਬੁਲਾਇਆ ਸੀ। ਉਦੋਂ ਹੀ ਇੱਕ ਬੱਚਾ ਆਇਆ ਤੇ  ਇੱਕ ਪੱਤਰ ਦੇ ਦਿੱਤਾ। ਉਸੇ ਦੌਰਾਨ ਉਥੋਂ ਪੁਲਿਸ ਦੀ ਗੱਡੀ ਨਿਕਲ ਗਈ, ਜਿਸ ਕਾਰਨ ਲੁਟੇਰੇ ਡਰ ਗਏ ਅਤੇ ਭੱਜ ਗਏ। ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਗਲੇ ਦਿਨ ਸੀਸੀਟੀਵੀ ਚੈਕ ਕੀਤਾ ਤਾਂ   ਜਿਹੜੇ ਨੌਜਵਾਨਾਂ ਨੇ ਕਾਰ ਦੇ ਉਪਰ ਪੱਤਰ ਰੱਖਿਆ ਸੀ, ਉਸ ਨੂੰ ਪਛਾਣ ਲਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਜਗ੍ਹਾ 'ਤੇ ਛਾਪੇਮਾਰੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.