ਕਦੇ ਵਿਸ਼ਵ ਭਰ ਵਿੱਚ ਸੀ ਮੋਹਰੀ ਮੁਲਕ

ਔਟਾਵਾ, 21 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸੜਕ ਸੁਰੱਖਿਆ ਨੂੰ ਲੈ ਕੇ ਵਿਸ਼ਵ ਭਰ ਵਿੱਚ ਮੋਹਰੀ ਰਿਹਾ ਕੈਨੇਡਾ ਅੱਜ-ਕੱਲ• ਇਸ ਮਾਮਲੇ ਵਿੱਚ ਪਛੜਦਾ ਜਾ ਰਿਹਾ ਹੈ। ਸੜਕ ਹਾਦਸੇ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕੋਈ ਵੀ ਦਿਨ ਅਜਿਹਾ ਨਹੀਂ ਨਿਕਲਦਾ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ। ਕੈਨੇਡਾ 2001 ਵਿੱਚ ਕੌਮੀ ਸੜਕ ਸੁਰੱਖਿਆ ਰਣਨੀਤੀ ਅਪਣਾਉਣ ਵਾਲੇ ਦੁਨੀਆ ਭਰ ਦੇ ਪਹਿਲੇ ਮੁਲਕਾਂ ਵਿੱਚੋਂ ਇੱਕ  ਸੀ। ਕੈਨੇਡਾ 'ਚ ਬੀਤੇ ਕੁਝ ਦਹਾਕਿਆਂ ਤੋਂ ਸੜਕ ਹਾਦਸੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੜਕ ਸੁਰੱਖਿਆ ਬਾਰੇ ਕਿਊਬਿਕ ਦੀ ਇੱਕ ਸੰਸਥਾ ਨੇ ਕਿਹਾ ਕਿ ਕੈਨੇਡਾ ਦੇ ਕੁਝ ਸ਼ਹਿਰਾਂ 'ਚ ਪੈਦਲ ਚੱਲਣ ਵਾਲੇ ਲੋਕਾਂ ਦੀ ਮੌਤ ਦਰ 'ਚ ਹਾਲ ਦੇ ਸਾਲਾਂ ਵਿੱਚ ਵਾਧਾ ਹੋਇਆ ਹੈ। ਇਹ ਵਾਧਾ ਫੈਡਰਲ ਸਰਕਾਰ ਵੱਲੋਂ ਸੜਕ ਸੁਰੱਖਿਆ ਵੱਲ ਧਿਆਨ ਨਾ ਦੇਣ ਕਾਰਨ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰਾਲੇ ਵਿੱਚ ਇੰਜਰੀ ਪ੍ਰਿਵੈਂਸ਼ਨ ਐਂਡ ਹੈਲਥ ਸੈਟਿੰਗਜ਼ ਦੇ ਡਾਇਰੈਕਟਰ ਨੀਲ ਅਰਸਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਫੈਡਰਲ ਸਰਕਾਰ ਦੀ ਅਣਦੇਖੀ ਵੀ ਸਾਹਮਣੇ  ਆਉਂਦੀ ਹੈ, ਕਿਉਂਕਿ ਕੈਨੇਡਾ ਦੇ ਫੈਡਰਲ ਅਧਿਕਾਰੀ ਸ਼ਾਇਦ ਹੀ ਕਦੇ ਸੜਕ ਸੁਰੱਖਿਆ ਬਾਰੇ ਗੱਲ ਕਰਦੇ ਹਨ। ਇਸ ਮਾਮਲੇ 'ਚ ਸਵੀਡਨ ਨੇ ਕਾਫ਼ੀ ਤਰੱਕੀ ਕੀਤੀ ਹੈ, ਜਿੱਥੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਡੂੰਘੀਆਂ ਸੱਟਾਂ ਲੱਗਣ ਦੇ ਮਾਮਲੇ ਵਿੱਚ ਕਾਫ਼ੀ ਕਮੀ ਆਈ ਹੈ। ਅਮਰੀਕਾ ਸਣੇ ਹੋਰਨਾਂ ਵਿਕਸਿਤ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਸੜਕ ਹਾਦਸਿਆਂ ਦੌਰਾਨ ਹਰ ਸਾਲ ਦੁੱਗਣੀਆਂ ਮੌਤਾਂ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੈਨੇਡਾ ਵਿੱਚ ਹਰ ਸਾਲ 2000 ਲੋਕਾਂ ਦੀ ਜਾਨ ਸੜਕ ਹਾਦਸਿਆਂ ਵਿੱਚ ਚਲੀ ਜਾਂਦੀ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੈਨੇਡਾ ਵਿੱਚ ਸੜਕਾਂ ਦੇ ਇੰਚਾਰਜ ਸੂਬੇ ਹਨ ਅਤੇ ਸੜਕ ਸੁਰੱਖਿਆ ਦੇ ਕਈ ਮੁੱਦੇ ਮਿਉਂਸਪੈਲਟੀਜ਼ ਦੇ ਕੰਟਰੋਲ ਹੇਠ ਹਨ, ਪਰ ਇਨ•ਾਂ ਹਾਦਸਿਆਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਦੀ ਸ਼ਮੂਲੀਅਤ ਜ਼ਰੂਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.