ਨਵੀਂ ਦਿੱਲੀ,  29 ਫਰਵਰੀ, ਹ.ਬ : ਹਰੀਆਂ ਸਬਜ਼ੀਆਂ ਵਿਚੋਂ ਸਰ੍ਹੋਂ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ। ਪੰਜਾਬ ਵਿਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅੱਜ ਵੀ ਖਾਸ ਪਕਵਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਰ੍ਹੋਂ ਦੇ ਪੱਤਿਆਂ ਵਿਚ ਜ਼ਿਆਦਾ ਸੋਡੀਅਮ, ਫਾਸਫੋਰਸ ਤੱਤ ਤੋਂ ਇਲਾਵਾ ਵਿਟਾਮਿਨ 'ਏ' ਅਤੇ 'ਬੀ' ਭਰਪੂਰ ਹੋਣ ਕਾਰਨ ਖੂਬ ਪਸੰਦ ਕੀਤਾ ਜਾਂਦਾ ਹੈ। ਸਰ੍ਹੋਂ ਦੇ ਸਾਗ ਵਿਚ ਬਾਥੂ ਅਤੇ ਪਾਲਕ ਮਿਲਾ ਕੇ ਬਣਾਉਣ ਨਾਲ ਸਾਗ ਹੋਰ ਵੀ ਸੁਆਦ ਬਣ ਜਾਂਦਾ ਹੈ, ਜਿਸ ਨੂੰ ਦੇਖ ਕੇ ਭੁੱਖ ਖੁਦ-ਬ-ਖੁਦ ਵਧਣ ਲਗਦੀ ਹੈ। ਸੋ, ਇਨ੍ਹਾਂ ਦਿਨਾਂ ਵਿਚ ਸਰ੍ਹੋਂ ਦੀ ਸਬਜ਼ੀ ਦਾ ਮਜ਼ਾ ਲੈਣਾ ਕਦੇ ਨਹੀਂ ਭੁੱਲਣਾ ਚਾਹੀਦਾ। ਯਕੀਨਨ ਭਵਿੱਖ ਵਿਚ ਕਾਫੀ ਲਾਭ ਮਿਲੇਗਾ।
ਪਾਲਕ : ਸਰ੍ਹੋਂ ਦੇ ਸਾਗ ਤੋਂ ਬਾਅਦ ਅਗਲਾ ਨੰਬਰ ਹਰੀਆਂ ਸਬਜ਼ੀਆਂ ਵਿਚ ਪਾਲਕ ਦਾ ਆਉਂਦਾ ਹੈ। ਇਸ ਦੀ ਸਬਜ਼ੀ ਠੰਢੀ ਅਤੇ ਛੇਤੀ ਪਚਣ ਵਾਲੀ ਹੁੰਦੀ ਹੈ। ਵੈਸੇ ਤਾਂ ਪਾਲਕ ਨੂੰ ਆਲੂ ਦੇ ਨਾਲ ਮਿਲਾ ਕੇ ਖਾਧਾ ਜਾਂਦਾ ਹੈ ਪਰ ਜੇ ਤੁਸੀਂ ਇਸ ਵਿਚ ਆਲੂ ਦੀ ਜਗ੍ਹਾ ਪਨੀਰ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਪੋਸ਼ਟਿਕਤਾ ਵਧ ਜਾਂਦੀ ਹੈ। ਪਾਲਕ-ਪਨੀਰ ਦੀ ਸਬਜ਼ੀ ਖਾਸ ਮੌਕਿਆਂ 'ਤੇ ਜ਼ਰੂਰ ਖਾਧੀ ਜਾਂਦੀ ਹੈ। ਹੋਰ ਤਾਂ ਹੋਰ, ਇਸ ਵਿਚ ਮੌਜੂਦ ਖਣਿਜ ਤੱਤ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹਾ ਵਿਅਕਤੀ ਦੇ ਸਰੀਰ ਨੂੰ ਤਾਕਤਵਰ ਬਣਾਉਣ ਵਿਚ ਖੂਬ ਮਦਦ ਕਰਦਾ ਹੈ। ਸੋ, ਇਸ ਦਾ ਵੱਧ ਤੋਂ ਵੱਧ ਮਾਤਰਾ ਵਿਚ ਸੇਵਨ ਕਰਨਾ ਲਾਭਦਾਇਕ ਹੋਵੇਗਾ।
ਮੇਥੀ : ਡਾਕਟਰਾਂ ਮੁਤਾਬਿਕ ਮੇਥੀ ਇਕ ਪੋਸ਼ਟਿਕ, ਵਾਤਨਾਸ਼ਕ, ਪੇਚਿਸ ਅਤੇ ਦਸਤ ਨੂੰ ਰੋਕਣ ਵਿਚ ਅੱਵਲ ਹੁੰਦੀ ਹੈ ਅਤੇ ਖੂਨੀ ਬਵਾਸੀਰ, ਸ਼ੂਗਰ ਨਾਸ਼ਕ ਹੁੰਦੀ ਹੈ। ਇਸ ਲਈ ਠੰਢ ਦੇ ਦਿਨਾਂ ਵਿਚ ਗਰਮੀ ਪੈਦਾ ਕਰਨ ਲਈ ਮੇਥੀ ਦੀ ਜ਼ਰੂਰ ਵਰਤੋਂ ਕਰੋ, ਲਾਭਦਾਇਕ ਸਾਬਤ ਹੋਵੇਗੀ।
ਹਰਾ ਪਿਆਜ਼ : ਪੇਂਡੂ ਖੇਤਰਾਂ ਦੇ ਲੋਕ ਅਕਸਰ ਹਰਾ ਪਿਆਜ਼ ਖਾਣਾ ਬੇਹੱਦ ਪਸੰਦ ਕਰਦੇ ਹਨ। ਇਹੀ ਨਹੀਂ, ਸਾਡੇ ਵੱਡੇ-ਬਜ਼ੁਰਗਾਂ ਦਾ ਵੀ ਕਹਿਣਾ ਹੈ ਕਿ ਹਰਾ ਪਿਆਜ਼ ਬਲਵਰਧਕ, ਪਾਚਕ, ਕਫ ਅਤੇ ਜਵਰਨਾਸ਼ਕ ਹੁੰਦਾ ਹੈ। ਇਸ ਲਈ ਇਸ ਦਾ ਬਹੁਤ ਜ਼ਿਆਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ, ਤਾਂ ਹੀ ਵਿਟਾਮਿਨ 'ਸੀ' ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕਦਾ ਹੈ।
ਮੂਲੀ : ਵੈਸੇ ਤਾਂ ਹਰੀਆਂ ਸਬਜ਼ੀਆਂ ਵਿਚ ਮੂਲੀ ਦੀ ਤਸੀਰ ਠੰਢੀ ਪਾਈ ਜਾਂਦੀ ਹੈ। ਤੁਸੀਂ ਬਵਾਸੀਰ, ਪੀਲੀਆ ਰੋਗ ਵਿਚ ਇਸ ਦਾ ਫਾਇਦਾ ਲੈ ਸਕਦੇ ਹੋ। ਇਹ ਅੰਤੜੀਆਂ ਲਈ ਐਂਟੀਸੈਪਟਿਕ ਦਾ ਕੰਮ ਕਰਦੀ ਹੈ, ਜਦੋਂ ਕਿ ਇਸ ਦੇ ਹਰੇ ਪੱਤੇ ਅਤੇ ਚਿੱਟੀਆਂ ਜੜ੍ਹਾਂ ਤੋਂ ਵਿਟਾਮਿਨ 'ਏ' ਲਿਆ ਜਾ ਸਕਦਾ ਹੈ, ਜੋ ਸਰੀਰ ਦੇ ਅਨੇਕ ਰੋਗਾਂ ਨੂੰ ਰੋਕਣ ਵਿਚ ਸਹਿਯੋਗ ਦਿੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.