ਨਿਊ ਵੈਸਟਮਿੰਸਟਰ ਪੁਲਿਸ ਨੇ ਲੋਕਾਂ ਦੀ ਮੰਗੀ ਮਦਦ

ਨਿਊ ਵੈਸਟਮਿੰਸਟਰ, 4 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਨਿਊ ਵੈਸਟਮਿੰਸਟਰ ਸ਼ਹਿਰ ਵਿਚ ਲਾਪਤਾ ਭਾਰਤੀ ਮੂਲ ਦੀ 44 ਸਾਲਾ ਔਰਤ ਦੀ ਭਾਲ ਵਿੱਚ ਜੁਟੀ ਪੁਲਿਸ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਜਿੱਥੇ ਪਰਿਵਾਰ ਵੱਲੋਂ ਥਾਂ-ਥਾਂ ਨਿਰਲਾ ਸ਼ਰਮਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਏ ਜਾ ਰਹੇ ਹਨ, ਉੱਥੇ ਨਿਊ ਵੈਸਟਮਿੰਸਟਰ ਪੁਲਿਸ ਦੇ ਮੇਜਰ ਕਰਾਈਮ ਯੂਨਿਟ ਨੇ ਹੁਣ ਨਿਰਲਾ ਸ਼ਰਮਾ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ।
ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਦੇ ਸਾਰਜੈਂਟ ਜੈਫ਼ ਸਕਾਟ ਨੇ ਕਿਹਾ ਕਿ ਵੀਡੀਓ ਫੁਟੇਜ ਵਿੱਚ ਦਿਖਾਈ ਦੇ ਰਹੀ ਔਰਤ ਨਿਰਲਾ ਸ਼ਰਮਾ ਹੋ ਸਕਦੀ ਹੈ, ਜੋ ਕਿ ਤੜਕੇ ਲਗਭਗ ਸਾਢੇ 3 ਵਜੇ ਇਕੱਲੀ ਕਿਤੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਉਹ ਕਵੀਨਜ਼ਬੋਰੋ ਲੈਂਡਿੰਗ ਬਿਜ਼ਨਸ ਏਰੀਆ ਵਿੱਚ ਜਾਂਦੀ ਦਿਖਾਈ ਦਿੰਦੀ ਹੈ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ 24 ਫਰਵਰੀ ਨੂੰ ਤੜਕੇ ਸਾਢੇ 3 ਵਜੇ ਅਤੇ 5 ਵਜੇ ਦੇ ਵਿਚਕਾਰ ਕੋਈ ਵਾਹਨ ਚਾਲਕ ਕਵੀਨਜ਼ਬੋਰੋ ਬ੍ਰਿਜ ਨੇੜਿਓਂ ਲੰਘਿਆ ਹੈ, ਉਸ ਦੇ ਵਾਹਨ 'ਤੇ ਲੱਗੇ ਕੈਮਰੇ 'ਚ ਕਿਸੇ ਪੈਦਲ ਇਕੱਲੀ ਜਾਂਦੀ ਔਰਤ ਦੀ ਵੀਡੀਓ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਸਾਰਜੈਂਟ ਜੈਫ਼ ਸਕਾਟ ਨੇ ਕਿਹਾ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਨਿਰਲਾ ਸ਼ਰਮਾ ਦਾ ਕੋਈ ਥਹੁ-ਪਤਾ ਨਾ ਮਿਲਣ ਕਾਰਨ ਉਹ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹਨ।
 ਦੱਸ ਦੇਈਏ ਕਿ ਨਿਰਲਾ ਸ਼ਰਮਾ ਨੂੰ ਆਖਰੀ ਵਾਰ ਨਿਊ ਵੈਸਮਿੰਸਟਰ ਦੀ ਲਾਰੈਂਸ ਸਟ੍ਰੀਟ ਦੇ 300 ਬਲਾਕ ਵਿਚ ਵੇਖਿਆ ਗਿਆ ਸੀ। ਵੈਨਕੂਵਰ ਵਿਖੇ ਬੀ.ਸੀ. ਹਾਈਡਰੋ ਵਿਚ ਕੰਮ ਕਰਦੀ ਨਿਰਲਾ ਸ਼ਰਮਾ ਸਵੇਰੇ 6.30 ਵਜੇ ਡਿਊਟੀ 'ਤੇ ਪਹੁੰਚਦੀ ਸੀ ਪਰ ਪਰਿਵਾਰ ਮੈਂਬਰਾਂ ਮੁਤਾਬਕ ਉਨ•ਾਂ ਨੇ ਸਵੇਰੇ 4 ਵਜੇ ਦਰਵਾਜ਼ਾ ਖੁੱਲ•ਣ ਦੀ ਆਵਾਜ਼ ਸੁਣੀ ਸੀ। ਪੁਲਿਸ ਮੁਤਾਬਕ ਨਿਰਲਾ ਸ਼ਰਮਾ ਆਪਣੀਆਂ ਚਾਬੀਆਂ, ਪਰਸ ਅਤੇ ਸੈਲਫੋਨ ਘਰ ਛੱਡ ਗਈ ਜਿਸ ਦੇ ਮੱਦੇਨਜ਼ਰ ਗੁੰਮਸ਼ੁਦਗੀ ਦਾ ਇਹ ਮਾਮਲਾ ਬੇਹੱਦ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਭਾਵੇਂ ਆਖਰੀ ਵਾਰ ਵੇਖੇ ਜਾਣ ਸਮੇਂ ਨਿਰਲਾ ਸ਼ਰਮਾ ਨੇ ਗੁਲਾਬੀ ਪਜਾਮਾ ਪਾਇਆ ਹੋਇਆ ਸੀ, ਪਰ ਸੰਭਾਵਤ ਤੌਰ 'ਤੇ ਕਾਲੀ ਜਾਕਟ ਅਤੇ ਸੰਤਰੀ ਰੰਗ ਦੀ ਜੁੱਤੀ ਵੀ ਪਾਈ ਹੋਈ ਸੀ। ਦਰਮਿਆਨੇ ਸਰੀਰ ਦੀ ਮਾਲਕ ਨੀਰਲਾ ਸ਼ਰਮਾ ਭਾਰਤੀ ਮੂਲ ਦੀ ਕੈਨੇਡੀਅਨ ਔਰਤ ਹੈ, ਜਿਸ ਦੀ ਲੰਬਾਈ 5 ਫੁੱਟ 3 ਇੰਚ ਅਤੇ ਵਜ਼ਨ ਲਗਭਗ 62 ਕਿੱਲੋ ਹੈ। ਉਸ ਦੇ ਵਾਲ਼ ਕਾਲੇ ਅਤੇ ਅੱਖਾਂ ਭੂਰੀਆਂ ਹਨ। ਨੀਰਲਾ ਸ਼ਰਮਾ ਦੀ ਖੱਬੀ ਬਾਂਹ 'ਤੇ 'ਓਮ' ਲਿਖਿਆ ਹੋਇਆ ਹੈ ਅਤੇ ਉਸ ਦੇ ਸੱਜੇ ਗੁੱਟ 'ਤੇ ਇੱਕ ਟੈਟੂ ਬਣਿਆ ਹੋਇਆ ਹੈ। ਸਾਰਜੈਂਟ ਜੈਫ਼ ਸਕਾਟ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਿਰਲਾ ਸ਼ਰਮਾ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਦੇ ਫੋਨ ਨੰਬਰ : 604-529-2430 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.