15 ਹਜ਼ਾਰ ਦੀ ਜਾਨ ਲੈ ਚੁੱਕਾ ਹੈ 192 ਮੁਲਕਾਂ ਵਿਚ ਫੈਲਿਆ ਵਾਇਰਸ

ਟੋਰਾਂਟੋ/ਵਾਸ਼ਿੰਗਟਨ/ਰੋਮ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : 192 ਮੁਲਕਾਂ ਵਿਚ ਪੈਸ ਪਸਾਰ ਚੁੱਕੇ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟੇ ਦੌਰਾਨ 1600 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਜਦਕਿ 26 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਵਾਇਰਸ 15 ਹਜ਼ਾਰ ਤੋਂ ਵੱਧ ਮੌਤਾਂ ਦਾ ਕਾਰਨ ਬਣ ਚੁੱਕਾ ਹੈ ਅਤੇ ਇਹ ਸਿਲਸਿਲਾ ਰੁਕਦਾ ਮਹਿਸੂਸ ਨਹੀਂ ਹੋ ਰਿਹਾ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਐਤਵਾਰ ਨੂੰ ਪਹਿਲੀ ਮੌਤ ਹੋ ਗਈ ਜਦਕਿ ਦੂਜਾ ਮਾਰਖਮ ਵਿਖੇ ਦਮ ਤੋੜ ਗਿਆ। ਅਮਰੀਕਾ ਵਿਚ ਐਤਵਾਰ ਨੂੰ ਵਾਇਰਸ ਕਾਰਨ 100 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਅਮਰੀਕਾ ਵਿਚ ਹੁਣ ਤੱਕ 470 ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦਾ ਅੰਕੜਾ 35 ਹਜ਼ਾਰ ਤੋਂ ਟੱਪ ਗਿਆ ਹੈ। ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਾਰਨ ਚਿੰਤਤ ਹਨ ਕਿਉਂਕਿ ਚੀਨ ਸਮਾਂ ਰਹਿੰਦੇ ਅਮਰੀਕਾ ਨੂੰ ਵਾਇਰਸ ਬਾਰੇ ਸੁਚੇਤ ਕਰ ਸਕਦਾ ਸੀ। ਇਸੇ ਦਰਮਿਆਨ ਕੈਨੇਡਾ ਵਿਚ ਮਰੀਜ਼ਾਂ ਦਾ ਅੰਕੜਾ 1500 ਦੇ ਨੇੜੇ ਪੁੱਜ ਗਿਆ। ਟੋਰਾਂਟੋ ਵਿਖੇ ਦਮ ਤੋੜਨ ਵਾਲੇ ਸ਼ਖਸ ਦੀ ਉਮਰ 70-75 ਸਾਲ ਦੱਸੀ ਜਾ ਰਹੀ ਹੈ ਜੋ ਇੰਗਲੈਂਡ ਤੋਂ ਪਰਤਿਆ ਸੀ। ਸ਼ੁਰੂਆਤ ਵਿਚ ਉਹ ਆਪਣੇ ਘਰ ਵਿਚ ਇਕੱਲਾ ਰਿਹਾ ਪਰ ਤਬੀਅਤ ਖ਼ਰਾਬ ਹੋਣ ਮਗਰੋਂ ਮਿਸੀਸਾਗਾ ਦੇ ਹਸਪਤਾਲ ਵਿਚ ਪੁੱਜਾ ਜਿਥੇ ਉਸ ਦੀ ਮੌਤ ਹੋ ਗਈ। ਉਨਟਾਰੀਓ ਵਿਚ ਕੋਰੋਨਾ ਵਾਇਰਸ ਕਾਰਨ ਪੰਜਵੀਂ ਮੌਤ ਮਾਰਖਮ ਵਿਖੇ ਹੋਈ ਜਿਥੇ 70-75 ਸਾਲ ਦੀ ਇਕ ਮਹਿਲਾ ਦਮ ਤੋੜ ਗਈ। 

ਹੋਰ ਖਬਰਾਂ »

ਹਮਦਰਦ ਟੀ.ਵੀ.