ਮੁਲਕ ਦੇ ਹਰ ਬਾਲਗ ਨੂੰ ਮਿਲੇਗੀ 1200 ਡਾਲਰ ਦੀ ਰਕਮ

ਵਾਸ਼ਿੰਗਟਨ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਸੈਨੇਟ ਵੱਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਸਵਾ ਦੋ ਖ਼ਰਬ ਡਾਲਰ ਦੇ ਰਾਹਤ ਪੈਕੇਜ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਫ਼ੈਡਰਲ ਸਰਕਾਰ ਹਰ ਬਾਲਗ ਅਮਰੀਕੀ ਨਾਗਰਿਕ ਨੂੰ 1200 ਡਾਲਰ ਦੀ  ਇਕ-ਮੁਸ਼ਤ ਆਰਥਿਕ ਸਹਾਇਤਾ ਮੁਹੱਈਆ ਕਰਵਾਏਗੀ ਜਦਕਿ ਕਾਰੋਬਾਰੀਆਂ, ਕਿਰਤੀਆਂ ਅਤੇ ਸਿਹਤ ਸੰਭਾਲ ਪ੍ਰਣਾਲੀ ਲਈ ਫ਼ੰਡ ਅਲਾਟ ਕੀਤੇ ਜਾਣਗੇ। ਅਮਰੀਕਾ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ਆਰਥਿਕ ਪੈਕੇਜ ਦੱਸਿਆ ਜਾ ਰਿਹਾ ਹੈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ। ਖ਼ਜ਼ਾਨਾ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਕਿ ਮੌਜੂਦਾ ਆਰਥਿਕ ਪ੍ਰਬੰਧ ਤਿੰਨ ਮਹੀਨੇ ਵਾਸਤੇ ਕੀਤਾ ਗਿਆ ਹੈ ਅਤੇ ਉਮੀਦ ਕਰਦੇ ਹਾਂ ਇਸ ਤੋਂ ਪਹਿਲਾਂ ਹੀ ਸੰਕਟ ਖ਼ਤਮ ਹੋ ਜਾਵੇਗਾ। ਚੇਤੇ ਰਹੇ ਕਿ ਅਮਰੀਕਾ ਦਾ ਫ਼ੈਡਰਲ ਬਜਟ 4 ਖ਼ਰਬ ਡਾਲਰ ਹੈ ਅਤੇ ਇਸ ਦੇ ਅੱਧੇ ਆਕਾਰ ਦੇ ਬਰਾਬਰ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.