ਡਾਕਟਰ ਦੁਚਿੱਤੀ 'ਚ, ਕਿਹੜੇ ਮਰੀਜ਼ ਨੂੰ ਵੈਂਟੀਲੇਟਰ ਲਾਈਏ ਅਤੇ ਕਿਹੜੇ ਨੂੰ ਨਹੀਂ

ਨਿਊ ਯਾਰਕ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਦਾ ਸਭ ਤੋਂ ਅਮੀਰ ਸ਼ਹਿਰ ਨਿਊ ਯਾਰਕ ਆਪਣੇ ਇਤਿਹਾਸ ਦੀ ਸਭ ਤੋਂ ਖ਼ਤਰਨਾਕ ਮਹਾਂਮਾਰੀ ਨਾਲ ਜੂਝ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵੱਧ ਮਰੀਜ਼ਾਂ ਵਿਚੋਂ 46 ਹਜ਼ਾਰ ਇਸੇ ਸ਼ਹਿਰ ਵਿਚ ਹਨ ਅਤੇ ਹੁਣ ਤੱਕ 605 ਮੌਤਾਂ ਹੋ ਚੁੱਕੀਆਂ ਹਨ। ਹਾਲਾਤ ਐਨੇ ਮਾੜੇ ਬਣ ਗਏ ਹਨ ਕਿ ਸ਼ਹਿਰ ਵਿਚ ਫੌਜ ਸੱਦਣੀ ਪੈ ਗਈ। ਕਰੋੜਪਤੀਆਂ ਦੇ ਇਸ ਸ਼ਹਿਰ ਦੇ ਹਸਪਤਾਲਾਂ ਵਿਚ ਮੰਜਿਆਂ ਦੀ ਕਮੀ ਹੋ ਗਈ ਹੈ ਅਤੇ ਲੋੜੀਂਦੀ ਮਾਤਰਾ ਵਿਚ ਵੈਂਟੀਲੇਟਰ ਵੀ ਮੌਜੂਦ ਨਹੀਂ। ਕੁਝ ਹਸਪਤਾਲਾਂ ਵਿਚ ਇਕ ਵੈਂਟੀਲੇਟਰ 'ਤੇ ਦੋ ਮਰੀਜ਼ਾਂ ਨੂੰ ਰੱਖਣਾ ਪੈ ਰਿਹਾ ਹੈ। ਨਿਊ ਯਾਰਕ ਦੇ ਇਕ ਡਾਕਟਰ ਮਾਰਕੋ ਗਰੌਨ ਨੇ ਟਵਿਟਰ ਰਾਹੀਂ ਇਕ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਡਾਕਟਰ ਇਸ ਦੁਚਿੱਤੀ ਵਿਚ ਘਿਰ ਜਾਂਦੇ ਹਨ ਕਿ ਕਿਹੜੇ ਮਰੀਜ਼ ਨੂੰ ਵੈਂਟੀਲੇਟਰ ਦੀ ਸਹੂਲਤ ਦਿਤੀ ਜਾਵੇ ਅਤੇ ਕਿਹੜੇ ਨੂੰ ਨਹੀਂ। ਆਉਣ ਵਾਲੇ ਸਮੇਂ ਦੌਰਾਨ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਗਿਆ ਹੈ। ਹਸਪਤਾਲਾਂ ਵਿਚ ਸਹੂਲਤਾਂ ਦੀ ਕਮੀ ਦਾ ਮਾਮਲਾ ਸਿਰਫ਼ ਵੈਂਟੀਲੇਟਰ ਤੱਕ ਸੀਮਤ ਨਹੀਂ ਡਾਕਟਰਾਂ, ਨਰਸਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਭਾਰੀ ਕਮੀ ਵੀ ਹੋ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.