ਤਬਲੀਗੀ ਜਮਾਤ ਦੇ ਮਰਕਜ਼ ਵਿਚ ਸ਼ਾਮਲ 27 ਜਣੇ ਪੌਜ਼ੇਟਿਵ, 7 ਮੌਤਾਂ

ਨਵੀਂ ਦਿੱਲੀ, 31 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਭਾਵ ਧਾਰਮਿਕ ਕੇਂਦਰ ਵਿਖੇ 24 ਜਣੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਅਤੇ ਹੁਣ ਤੱਕ 7 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮਰਕਜ਼ ਵਿਖੇ 1500 ਤੋਂ ਵੱਧ ਲੋਕ ਮੌਜੂਦ ਸਨ ਜੋ ਭਾਰਤ ਦੇ 8 ਵੱਖ-ਵੱਖ ਰਾਜਾਂ ਤੋਂ ਆਏ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ 334 ਜਣਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਦਕਿ 700 ਹੋਰਨਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੂਰੇ ਮੁਲਕ ਵਿਚ ਲੌਕ ਡਾਊਨ ਦੌਰਾਨ ਅਜਿਹਾ ਇਕੱਠ ਕਰਨਾ ਸਰਾਸਰ ਅਪਰਾਧ ਹੈ। ਚੇਤੇ ਰਹੇ ਕਿ ਕੌਮੀ ਰਾਜਧਾਨੀ ਵਿਚ ਆਫ਼ਤ ਐਕਟ ਅਤੇ ਇਨਫ਼ੈਕਸ਼ਨ ਰੋਗ ਐਕਟ ਲਾਗੂ ਹਨ ਜਿਸ ਦੇ ਸਿੱਟੇ ਵਜੋਂ ਕਿਤੇ ਵੀ 5 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਦੱਸਿਆ ਜਾ ਰਿਹਾ ਹੈ ਕਿ ਤਬਲੀਗੀ ਜਮਾਤ ਦੇ ਧਾਰਮਿਕ ਸਮਾਗਮ ਵਿਚ ਯੂ.ਪੀ., ਤੇਲੰਗਾਨਾ, ਪੁਡੂਚੇਰੀ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਸ੍ਰੀਨਗਰ ਤੋਂ ਲੋਕ ਸ਼ਾਮਲ ਹੋਏ ਸਨ ਪਰ ਜ਼ਿਆਦਾਤਰ ਲੌਕਡਾਊਨ ਤੋਂ ਪਹਿਲਾਂ ਹੀ ਆਪੋ-ਆਪਣੇ ਘਰ ਚਲੇ ਗਏ। ਹੁਣ ਸੂਬਾ ਸਰਕਾਰਾਂ ਵੱਲੋਂ ਇਨ•ਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਧਰ ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 45 ਮੌਤਾਂ ਹੋ ਚੁੱਕੀਆਂ ਹਨ। ਕੇਰਲ ਵਿਚ ਇਕ 68 ਸਾਲ ਦਾ ਸ਼ਖ਼ਸ ਵਾਇਰਸ ਕਾਰਨ ਦਮ ਤੋੜ ਗਿਆ ਜਦਕਿ ਮੱਧ ਪ੍ਰਦੇਸ਼ ਵਿਚ 49 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਸਰਕਾਰੀ ਸੂਤਰਾਂ ਮੁਤਾਬਕ ਮਹਿਲਾ ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ। ਇਸੇ ਦਰਮਿਆਨ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ 38 ਸਾਲਾ ਭਤੀਜੇ ਅਬਦੁੱਲਾ ਖ਼ਾਨ ਦਾ ਸੋਮਵਾਰ ਨੂੰ ਇੰਤਕਾਲ ਹੋ ਗਿਆ। ਉਹ ਇੰਦੌਰ ਵਿਖੇ ਰਹਿੰਦਾ ਸੀ ਅਤੇ ਸਾਹ ਲੈਣ ਵਿਚ ਤਕਲੀਫ਼ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਕੋਰੋਨਾ ਵਾਇਰਸ ਨਾਲ ਸਬੰਧਤ ਟੈਸਟ ਰਿਪੋਰਟ ਆਉਣੀ ਬਾਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.