ਤਿੰਨ ਦਿਨ ਦਾ ਬੱਚਾ ਵੀ ਵਾਇਰਸ ਦੀ ਲਪੇਟ ਵਿਚ ਆਇਆ

ਮੁੰਬਈ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਮਹਿਸੂਸ ਹੋ ਰਿਹਾ ਹੈ। ਪਿਛਲੇ 24 ਘੰਟੇ ਦੌਰਾਨ ਛੇ ਮੌਤਾਂ ਹੋ ਚੁੱਕੀਆਂ ਹਨ ਅਤੇ ਤਿੰਨ ਦਿਨ ਦਾ ਬੱਚਾ ਵੀ ਵਾਇਰਸ ਦੀ ਲਪੇਟ ਵਿਚ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਬਸਤੀ ਵਜੋਂ ਜਾਣੇ ਜਾਂਦੇ ਮੁੰਬਈ ਦੇ ਧਾਰਾਵੀ ਇਲਾਕੇ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਨੇ ਘਬਰਾਹਟ ਪੈਦਾ ਕਰ ਦਿਤੀ। ਮਰਨ ਵਾਲੇ ਨੂੰ ਵਾਇਰਸ ਦੀ ਲਾਗ ਕਿਥੋਂ ਲੱਗੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਮਹਾਰਾਸ਼ਟਰ ਵਿਚ ਮਰੀਜ਼ਾਂ ਦੀ ਕੁਲ ਗਿਣਤੀ 350 ਹੋ ਗਈ ਹੈ ਅਤੇ ਹੁਣ ਤੱਕ 14 ਜਣੇ ਦਮ ਤੋੜ ਚੁੱਕੇ ਹਨ। ਇਸੇ ਦਰਮਿਆਨ ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਤੈਨਾਤ ਸੀ.ਆਈ.ਐਸ. ਐਫ਼. ਦੇ 5 ਜਵਾਨ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਜਦਕਿ ਛਤਰਪਤੀ ਸ਼ਿਵਾਜੀ ਟਰਮੀਨਸ ਵਿਖੇ ਤੈਨਾਤ ਇਕ ਪੁਲਿਸ ਕਾਂਸਟੇਬਲ ਦੀ ਟੈਸਟ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਕਾਂਸਟੇਬਲ ਨੂੰ 30 ਮਾਰਚ ਨੂੰ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ ਸੀ। ਸੂਬੇ ਵਿਚ ਪੰਜ ਹਜ਼ਾਰ ਲੋਕਾਂ ਨੂੰ ਸ਼ੱਕੀ ਮਰੀਜ਼ ਵਜੋਂ ਇਕੱਲੇ ਤੌਰ 'ਤੇ ਰੱਖਿਆ ਗਿਆ ਹੈ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.