ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਟੱਪੀ

ਵਾਸ਼ਿੰਗਟਨ/ਟੋਰਾਂਟੋ/ਰੋਮ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖ਼ਤਰਨਾਕ ਕੋਰੋਨਾ ਵਾਇਰਸ ਹੁਣ ਤੱਕ 53 ਹਜ਼ਾਰ ਮੌਤਾਂ ਦਾ ਕਾਰਨ ਬਣ ਚੁੱਕਾ ਹੈ ਅਤੇ 10 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਅਮਰੀਕਾ ਵਿਚ ਪਿਛਲੇ 24 ਘੰਟੇ ਦੌਰਾਨ ਤਕਰੀਬਨ 30 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਅਤੇ ਕੁਲ ਅੰਕੜਾ ਢਾਈ ਲੱਖ 'ਤੇ ਪੁੱਜ ਗਿਆ। ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਵਿਚ ਕੋਰੋਨਾ ਵਾਇਰਸ ਹੁਣ ਤੱਕ ਸਾਢੇ ਛੇ ਹਜ਼ਾਰ ਜਾਨਾਂ ਲੈ ਚੁੱਕਿਆ ਹੈ। ਉਧਰ ਕੈਨੇਡਾ ਵਿਚ ਮਰੀਜ਼ਾਂ ਦੀ ਗਿਣਤੀ ਸਾਢੇ ਗਿਆਰਾਂ ਹਜ਼ਾਰ ਹੋ ਗਈ ਹੈ ਅਤੇ ਹੁਣ ਤੱਕ 180 ਜਣੇ ਦਮ ਤੋੜ ਚੁੱਕੇ ਹਨ। ਇਸੇ ਦਰਮਿਆਨ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 4 ਅਪ੍ਰੈਲ ਨੂੰ ਸੋਗ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਭਰ ਵਿਚ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ ਅਤੇ ਸਵੇਰੇ 10 ਵਜੇ ਤਿੰਨ ਮਿੰਟ ਦਾ ਮੌਨ ਰੱਖਿਆ ਜਾਵੇਗਾ। ਚੇਤੇ ਰਹੇ ਕਿ ਕੋਰੋਨਾ ਵਾਇਰਸ ਦੇ ਰੂਪ ਵਿਚ ਮਹਾਂਮਾਰੀ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ ਸੀ। ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਇਕੱਲੇ ਨਿਊ ਯਾਰਕ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਨੇੜੇ ਪੁੱਜ ਗਈ ਹੈ ਅਤੇ ਹੁਣ ਤੱਕ 2600 ਮੌਤਾਂ ਹੋ ਚੁੱਕੀਆਂ ਹਨ। ਕੈਲੇਫ਼ੋਰਨੀਆ ਵਿਚ ਪਿਛਲੇ 24 ਘੰਟੇ ਦੌਰਾਨ ਇਕ ਹਜ਼ਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਜਿਥੇ ਹੁਣ ਤੱਕ 200 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.