ਟੋਰਾਂਟੋ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਤੋਂ ਪ੍ਰਭਾਵਤ ਆਪਣੇ ਗਾਹਕਾਂ ਨੂੰ ਰਾਹਤ ਦਿੰਦਿਆਂ ਕੈਨੇਡਾ ਦੇ ਛੇ ਵੱਡੇ ਬੈਂਕਾਂ ਵੱਲੋਂ ਕਰੈਡਿਟ ਕਾਰਡ 'ਤੇ ਲਾਗੂ ਵਿਆਜ ਦਰਾਂ ਵਿਚ ਆਰਜ਼ੀ ਤੌਰ 'ਤੇ ਕਟੌਤੀ ਕਰ ਦਿਤੀ ਹੈ। ਟੀ.ਡੀ. ਬੈਂਕ ਵੱਲੋਂ ਕਰੈਡਿਟ ਕਾਰਡ ਦੀਆਂ ਵਿਆਜ ਦਰਾਂ ਵਿਚ 50 ਫ਼ੀ ਸਦੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਬੈਂਕ ਆਫ਼ ਮੌਂਟਰੀਅਲ ਨੇ ਕਿਹਾ ਕਿ ਨਿਜੀ ਅਤੇ ਛੋਟੇ ਕਾਰੋਬਾਰੀਆਂ 'ਤੇ ਆਧਾਰਤ ਕਰੈਡਿਟ ਕਾਰਡ ਧਾਰਕਾਂ ਲਈ ਵਿਆਜ ਦਰ ਘਟਾ ਕੇ 10.99 ਫ਼ੀ ਸਦੀ ਕਰ ਦਿਤੀ ਗਈ ਹੈ। ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਵੀ ਦੇਰੀ ਨਾਲ ਭੁਗਤਾਨਂ ਕਰਨ ਵਾਲਿਆਂ ਤੋਂ 10.99 ਫ਼ੀ ਸਦੀ ਸਾਲਾਨਾ ਦੇ ਹਿਸਾਬ ਨਾਲ ਵਿਆਜ ਵਸੂਲਣ ਦਾ ਐਲਾਨ ਕੀਤਾ ਹੈ। ਨੈਸ਼ਨਲ ਬੈਂਕ ਆਪਣੇ ਗਾਹਕਾਂ ਨੂੰ ਤਿੰਨ ਮਹੀਨੇ ਲਈ ਅਦਾਇਗੀ ਤੋਂ ਛੋਟ ਦਾ ਐਲਾਨ ਕੀਤਾ ਹੈ ਪਰ ਇਸ ਦੌਰਾਨ ਅਦਾਇਗੀਯੋਗ ਰਕਮ 'ਤੇ 10.9 ਫ਼ੀ ਸਦੀ ਵਿਆਜ ਲਾਗੂ ਹੋਵੇਗਾ। ਸੀ.ਆਈ.ਬੀ.ਸੀ. ਨੇ ਵੀ ਵਿਆਜ ਦਰ ਘਟਾ ਕੇ 10.99 ਫ਼ੀ ਸਦੀ ਕਰਨ ਦਾ ਐਲਾਨ ਕੀਤਾ ਹੈ। ਚੇਤੇ ਰਹੇ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੈਂਕਾਂ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਵਾਇਰਸ ਕਾਰਨ ਪੈ ਰਹੇ ਆਰਥਿਕ ਅਸਰਾਂ ਨੂੰ ਵੇਖਦਿਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਵਸੂਲੀ ਕੁਝ ਸਮੇਂ ਲਈ ਟਾਲ ਦਿਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.