ਚੰਡੀਗੜ੍ਹ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਸੰਕਟ ਕਾਰਨ ਪੰਜਾਬ 'ਚ ਫਸੇ ਐਨ.ਆਰ.ਆਈਜ਼ ਲਈ ਖੁਸ਼ ਖ਼ਬਰੀ ਹੈ ਕਿ ਅਮਰੀਕਾ ਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਹੁਣ ਪੰਜਾਬ ਤੋਂ ਉੱਡਣਗੀਆਂ। ਪਹਿਲਾਂ ਫਲਾਈਟ ਲੈਣ ਲਈ ਐਨ.ਆਰ.ਆਈਜ਼. ਨੂੰ ਨਵੀਂ ਦਿੱਲੀ ਜਾਣਾ ਪੈਂਦਾ ਸੀ ਪਰ ਹਰਿਆਣਾ ਵੱਲੋਂ ਆਪਣੇ ਰਾਹ ਸੀਲ ਕੀਤੇ ਜਾਣ ਮਗਰੋਂ ਐਨ.ਆਰ.ਆਈਜ਼. ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਰਅਸਲ ਕੋਰੋਨਾ ਸੰਕਟ ਦੇ ਚਲਦਿਆਂ ਭਾਰਤ ਵੱਲੋਂ ਕੌਮੀ ਤੇ ਕੌਮਾਂਤਰੀ ਉਡਾਣਾਂ ਰੱਦ ਕਰਨ ਨਾਲ ਪੰਜਾਬ ਵਿਚ ਵੱਡੀ ਗਿਣਤੀ ਵਿਚ ਐਨ.ਆਰ.ਆਈਜ਼. ਫਸ ਗਏ ਸਨ। ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਸ਼ੁਰੂ ਹੋ ਗਈਆਂ ਹਨ।  
ਹਵਾਈ ਅੱਡੇ 'ਤੇ ਅਮਰੀਕਾ, ਕੈਨੇਡਾ ਜਾਣ ਵਾਲੇ ਐਨ.ਆਰ.ਆਈਜ਼. ਆਉਣੇ ਸ਼ੁਰੂ ਹੋ ਗਏ ਹਨ।  ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਉਡਾਣ ਰਾਹੀਂ ਅਮਰੀਕਾ ਦੀ ਯਾਤਰਾ ਕਰਨ ਜਾ ਰਹੇ 80 ਸਾਲਾ ਸ.ਰਬਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਭਜਨ ਕੌਰ ਨੇ ਦੱਸਿਆ ਕਿ ਜਨਵਰੀ ਮਹੀਨੇ ਆਪਣੇ ਇਕ ਨਿੱਜੀ ਰਿਸ਼ਤੇਦਾਰ ਦੇ ਘਰੇ ਇਕ ਵਿਆਹ ਵਿਚ ਸ਼ਾਮਲ ਹੋਣ ਆਏ ਸਨ ਅਤੇ ਜੱਦ ਉਨ੍ਹਾਂ ਦੇ ਪਰਤਣ ਦਾ ਸਮਾਂ ਆਇਆ ਤਾਂ ਉਡਾਣਾਂ ਬੰਦ ਹੋ ਗਈਆਂ। ਉਥੇ ਹੀ ਕੈਨੇਡਾ ਤੋਂ ਪੰਜਾਬ ਆਏ ਸਰਵਨ ਸਿੰਘ ਲਿੱਧੜ ਨੇ ਵੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੈਨੇਡਾ ਲਈ ਫਲਾਈਟ ਲਈ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਬੇਸ਼ੱਕ ਅੰਮ੍ਰਿਤਸਰ ਤੋਂ ਉਡਾਣ ਭਰ ਰਿਹਾ ਹੈ ਪਰ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਜਾਵੇਗਾ ਤੇ ਉਥੋਂ ਹੋਰ ਸਵਾਰੀਆਂ ਚੁਕ ਕੇ ਇਹ ਕੈਨੇਡਾ ਨੂੰ ਉਡਾਣ ਭਰੇਗਾ। ਜਹਾਜ਼ ਭਾਰਤ ਦੇ ਸਮੇਂ ਮੁਤਾਬਿਕ ਦੇਰ ਰਾਤ ਲਗਭਗ 2 ਵਜੇ ਉਡਾਣ ਭਰੇਗਾ। ਉਨ੍ਹਾਂ ਭਾਰਤ ਵਿਚ ਫਸੇ ਕੈਨੇਡੀਅਨ ਲੋਕਾਂ ਨੂੰ ਕੱਢਣ ਲਈ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਉਨ੍ਹਾਂ ਕੈਨੇਡਾ ਤੇ ਭਾਰਤ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਸਰਵਨ ਸਿੰਘ ਲਿੱਧੜ ਜੋ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਦੇ ਸਲਾਹਕਾਰ ਵੀ ਰਹਿ ਚੁਕੇ ਹਨ, ਉਹ ਜਨਵਰੀ ਮਹੀਨੇ ਭਾਰਤ ਆਏ ਸਨ ਪਰ ਜਦੋਂ ਜਾਣ ਦਾ ਵੇਲਾ ਆਇਆ ਤਾਂ ਕੋਰੋਨਾ ਵਾਇਰਸ ਕਾਰਨ ਕੌਮੀ ਤੇ ਕੌਮਾਂਤਰੀ ਉਡਾਣਾਂ ਰੱਦ ਹੋ ਗਈਆਂ ਜਿਸ ਮਗਰੋਂ ਉਹ ਪੰਜਾਬ ਵਿਚ ਫਸ ਗਏ ਸਨ। ਇਸ ਤੋਂ ਪਹਿਲਾਂ ਦੀ ਫਲਾਈਟ ਵਿਚ ਕਈ ਕੈਨੇਡੀਅਨ ਭਾਰਤ ਤੋਂ ਆਪਣੇ ਦੇਸ਼ ਪੁੱਜ ਚੁਕੇ ਹਨ। ਇਨ੍ਹਾਂ ਵਿਚੋਂ ਕਈਆਂ ਨੇ ਆਪਣੀ ਕੈਨੇਡੀਅਨ ਸਰਕਾਰ ਨਾਲ ਗਿਲਾ ਵੀ ਜ਼ਾਹਰ ਕੀਤਾ ਕਿਉਂਕਿ ਫਲਾਈਟ ਦੀ ਟਿਕਟ ਦੇ ਬਹੁਤ ਜ਼ਿਆਦਾ ਪੈਸੇ ਵਸੂਲੇ ਗਏ। ਅੰਦਾਜ਼ 2900 ਡਾਲਰ ਵਿਚ ਕੈਨੇਡਾ ਦੀ ਟਿਕਟ ਬੁੱਕ ਹੋਈ। ਕੈਨੇਡੀਅਨ ਐਨ.ਆਰ.ਆਈਜ਼. ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੂੰ ਵੀ ਆਪਣੇ ਯਾਰਤੀਆਂ ਨੂੰ ਹੋਰਾਂ ਮੁਲਕਾਂ ਦੀਆਂ ਸਰਕਾਰਾਂ ਵਾਂਗ ਬਿਲਕੁਲ ਮੁਫ਼ਤ ਕੱਢਣਾ ਚਾਹੀਦਾ ਹੈ, ਕਿਉਂਕਿ ਕੋਰੋਨਾ ਸੰਕਟ ਕਾਰਨ ਕੰਮ ਧੰਦੇ ਤਾਂ ਸਾਰੇ ਬੰਦ ਪਏ ਹਨ ਤੇ ਉਤੋਂ ਏਨੀ ਮਹਿੰਗੀ ਟਿਕਟ ਨਾਲ ਲੋਕਾਂ 'ਤੇ ਹੋਰ ਵਾਧੂ ਵਿੱਤੀ ਬੋਝ ਪਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.