ਅਮਰੀਕਾ ਵਿਚ ਮਰੀਜ਼ਾਂ ਦਾ ਅੰਕੜਾ 4 ਲੱਖ ਤੋਂ ਪਾਰ

ਨਿਊ ਯਾਰਕ/ਟੋਰਾਂਟੋ/ਪੈਰਿਸ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਪਿਛਲੇ 24 ਘੰਟੇ ਦੌਰਾਨ ਤਕਰੀਬਨ 2 ਹਜ਼ਾਰ ਮੌਤਾਂ ਹੋਈਆਂ ਅਤੇ ਇਕੱਲੇ ਨਿਊ ਯਾਰਕ ਸ਼ਹਿਰ ਵਿਚ 800 ਮਰੀਜ਼ ਦਮ ਤੋੜ ਗਏ। ਦੁਨੀਆਂ ਭਰ ਵਿਚ ਮੌਤਾਂ ਦੀ ਗਿਣਤੀ 82 ਹਜ਼ਾਰ ਤੋਂ ਟੱਪ ਗਈ ਹੈ ਅਤੇ ਮਰੀਜ਼ਾਂ ਦਾ ਅੰਕੜਾ 14.50 ਲੱਖ ਹੋ ਗਿਆ ਹੈ। ਦੂਜੇ ਪਾਸੇ 10 ਹਜ਼ਾਰ ਤੋਂ ਵੱਧ ਮੌਤਾਂ ਬਰਦਾਸ਼ਤ ਕਰਨ ਵਾਲਾ ਫ਼ਰਾਂਸ ਚੌਥਾ ਮੁਲਕ ਬਣ ਗਿਆ ਹੈ। ਕੈਨੇਡਾ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ 18 ਹਜ਼ਾਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 382 ਜਣੇ ਦਮ ਤੋੜ ਚੁੱਕੇ ਹਨ। ਅਮਰੀਕਾ ਵਿਚ ਮਰੀਜ਼ਾਂ ਦੀ ਕੁਲ ਗਿਣਤੀ 4 ਲੱਖ ਤੋਂ ਟੱਪ ਗਈ ਹੈ ਅਤੇ ਮਹਾਂਮਾਰੀ ਨੂੰ ਫ਼ਿਲਹਾਲ ਠੱਲ• ਪੈਂਦੀ ਨਜ਼ਰ ਨਹੀਂ ਆ ਰਹੀ। ਇਕੱਲੇ ਨਿਊ ਯਾਰਕ ਵਿਚ ਮੰਗਲਵਾਰ ਨੂੰ 10 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ। ਹੁਣ ਤੱਕ ਅਮਰੀਕਾ ਵਿਚ 13 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਨਿਊ ਜਰਸੀ ਵਿਚ ਮਰੀਜ਼ਾਂ ਦੀ ਗਿਣਤੀ 45 ਹਜ਼ਾਰ ਹੋ ਗਈ ਅਤੇ ਹੁਣ ਤੱਕ 1250 ਜਣੇ ਦਮ ਤੋੜ ਚੁੱਕੇ ਹਨ। ਕੈਲੇਫੋਰਨੀਆ ਵਿਚ 18 ਹਜ਼ਾਰ ਮਰੀਜ਼ ਦੱਸੇ ਜਾ ਰਹੇ ਹਨ ਅਤੇ 450 ਜਣਿਆਂ ਦੀ ਮੌਤ ਹੋ ਚੁੱਕੀ ਹੈ। ਟਵਿਟਰ ਦੇ ਸੀ.ਈ.ਓ. ਜੈਕ ਡੌਰਸੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 100 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.