ਮੁੰਬਈ , 17 ਮਈ (ਹਮਦਰਦ ਨਿਊਜ਼ ਸਰਵਿਸ) : ਸਬ ਟੀਵੀ ਸ਼ੋਅ 'ਆਦਤ ਸੇ ਮਜਬੂਰ' ਵਿੱਚ ਨਜ਼ਰ ਆਏ ਸਿੱਖ ਅਦਾਕਾਰ ਮਨਮੀਤ ਗਰੇਵਾਲ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ। 32 ਸਾਲਾ ਮਨਮੀਤ ਆਪਣੀ ਪਤਨੀ ਨਾਲ ਮੁੰਬਈ ਨੇੜੇ ਖਰਘਰ, ਨਵੀਂ ਮੁੰਬਈ ਵਿਚ ਰਹਿੰਦਾ ਸੀ। ਸੂਤਰਾਂ ਮੁਤਾਬਕ ਮਨਮੀਤ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਬਹੁਤ ਪ੍ਰੇਸ਼ਾਨ ਸੀ। ਲੌਕਡਾਉਨ ਕਾਰਨ ਉਸ ਦੀ ਕਮਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਅਤੇ ਇਸ ਚਿੰਤਾ ਕਾਰਨ ਉਹ ਡਿਪਰੈਸ਼ਨ ਵਿਚ ਚਲਾ ਗਿਆ ਸੀ। ਸਾਹਮਣੇ ਆਈ ਰਿਪੋਰਟ ਦੇ ਅਨੁਸਾਰ ਮਨਮੀਤ ਪਹਿਲਾਂ ਹੀ ਬਹੁਤ ਸਾਰੀਆਂ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਲਾਕਡਾਉਨ ਦੌਰਾਨ ਉਨ੍ਹਾਂ ਦੀ ਸਮੱਸਿਆ ਹੋਰ ਵੀ ਵੱਧ ਗਈ। ਮਨਮੀਤ ਦੇ ਛੋਟੇ ਕੰਮ ਅਤੇ ਪ੍ਰੋਜੈਕਟ ਠੱਪ ਹੋ ਗਏ। ਅਜਿਹੀ ਸਥਿਤੀ ਵਿਚ ਮਨਮੀਤ ਦੇ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਉਸ ਲਈ ਘਰ ਦਾ ਕਿਰਾਇਆ ਦੇਣਾ ਬਹੁਤ ਮੁਸ਼ਕਲ ਹੋ ਗਿਆ ਸੀ। ਮਨਮੀਤ ਦੇ ਕਰੀਬੀ ਦੋਸਤ ਮਨਜੀਤ ਸਿੰਘ ਰਾਜਪੂਤ ਨੇ ਕਿਹਾ ਕਿ ਲੈਕਡਾਊਨ ਨੇ ਮਨਮੀਤ ਲਈ ਬਹੁਤ ਮੁਸੀਬਤ ਲੈ ਆਂਦੀ ਸੀ। ਮਨਜੀਤ ਨੇ ਦੱਸਿਆ ਕਿ ਮਨਮੀਤ ਪਿਛਲੇ ਕਈ ਦਿਨਾਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ। ਉਸ ਨੇ ਨਿੱਜੀ ਅਤੇ ਪੇਸ਼ੇਵਰ ਕੰਮਾਂ ਲਈ ਕਰਜ਼ੇ ਵਜੋਂ ਲੱਖਾਂ ਰੁਪਏ ਵੀ ਲਏ ਸਨ। ਲੌਕਡਾਊਨ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਕਮਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਉਹ ਲੋਕਾਂ ਤੋਂ ਉਧਾਰ ਲਏ ਪੈਸੇ ਵਾਪਸ ਨਹੀਂ ਕਰ ਸਕਿਆ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਅਫਸੋਸਨਾਕ ਕਦਮ ਚੁੱਕਿਆ। ਮਨਮੀਤ ਦੇ ਦੋਸਤ ਨੇ ਦੱਸਿਆ ਕਿ ਕੋਰੋਨਾ ਕਾਰਨ ਲੋਕਾਂ ਨੇ ਮਨਮੀਤ ਦੀ ਲਾਸ਼ ਨੂੰ ਹੱਥ ਪਾਉਣ ਵਿਚ ਮਦਦ ਨਹੀਂ ਕੀਤੀ। ਜਦੋਂ ਮਨਮੀਤ ਦੀ ਪਤਨੀ ਨੇ ਆਪਣੇ ਪਤੀ ਦੀ ਲਾਸ਼ ਲਟਕਦੀ ਵੇਖੀ ਤਾਂ ਉਸਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ, ਪਰ ਕੋਰੋਨਾ ਦੇ ਡਰ ਕਾਰਨ ਲੋਕ ਵੀ ਨੇੜੇ ਆਉਣ ਤੋਂ ਝਿਜਕ ਰਹੇ ਸਨ। ਕੁਝ ਸਮੇਂ ਬਾਅਦ ਇੱਕ ਡਾਕਟਰ ਅਤੇ ਪੁਲਿਸ ਵੀ ਉਥੇ ਮੌਕੇ ਉਤੇ ਪੁੱਜੇ ਪਰ ਉਨ੍ਹਾਂ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.