ਨਵੀਂ ਦਿੱਲੀ, 18 ਮਈ (ਹਮਦਰਦ ਨਿਊਜ਼ ਸਰਵਿਸ) :  ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਅਰਥ-ਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਚਲਦਿਆਂ ਭਾਰਤ ਵਿੱਚ ਲਗਭਗ 13.5 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ 12 ਕਰੋੜ ਲੋਕ ਗ਼ਰੀਬ ਹੋ ਸਕਦੇ ਹਨ। ਇਸ ਮਹਾਮਾਰੀ ਦਾ ਅਸਰ ਲੋਕਾਂ ਦੀ ਆਮਦਨ, ਖ਼ਰਚੇ ਅਤੇ ਬੱਚਤ ਉੱਤੇ ਵੀ ਪਵੇਗਾ। ਪ੍ਰਬੰਧਕੀ ਮਾਮਲਿਆਂ ਬਾਰੇ ਸਲਾਹਾਂ ਦੇਣ ਵਾਲੀ ਕੌਮਾਂਤਰੀ ਕੰਪਨੀ ਆਰਥਰ ਡੀ ਲਿਟਲ ਦੀ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦਾ ਸਭ ਤੋਂ ਮਾੜਾ ਅਸਰ ਭਾਰਤ ਵਿੱਚ ਲੋਕਾਂ ਦੀਆਂ ਨੌਕਰੀਆਂ 'ਤੇ ਪਵੇਗਾ ਤੇ ਗ਼ਰੀਬੀ ਵਧੇਗੀ; ਜਦ ਕਿ ਪ੍ਰਤੀ ਵਿਅਕਤੀ ਆਮਦਨ ਘਟੇਗੀ। ਇਸ ਦੇ ਨਤੀਜੇ ਵਜੋਂ ਕੁੱਲ ਘਰੇਲੂ ਉਤਪਾਦਨ ਵਿੱਚ ਤਿੱਖੀ ਗਿਰਾਵਟ ਆਵੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2020-21 ਦੌਰਾਨ ਕੁੱਲ ਘਰੇਲੂ ਉਤਪਾਦਨ ਭਾਵ ਜੀਡੀਪੀ ਵਿੱਚ 10.8 ਫ਼ੀ ਸਦੀ ਦੀ ਗਿਰਾਵਟ ਅਤੇ ਵਿੱਤੀ ਵਰ੍ਹੇ 2021-22 ਵਿੱਚ 0.8 ਫ਼ੀ ਸਦੀ ਦਾ ਵਾਧਾ ਹੋਵੇਗਾ।
ਇਸ ਰਿਪੋਰਟ ਅਨੁਸਾਰ ਦੇਸ਼ ਵਿੱਚ ਬੇਰੁਜ਼ਗਾਰੀ 7.6 ਫੀ ਸਦੀ ਤੋਂ ਵਧ ਕੇ 35 ਫ਼ੀ ਸਦੀ ਹੋ ਸਕਦੀ ਹੈ। ਇਸ ਕਾਰਨ 13.5 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਤੇ 17.4 ਕਰੋੜ ਲੋਕ ਬੇਰੁਜ਼ਗਾਰ ਹੋ ਸਕਦੇ ਹਨ। ਇੰਨਾ ਹੀ ਨਹੀਂ, 12 ਕਰੋੜ ਲੋਕ ਗ਼ਰੀਬੀ ਦੇ ਘੇਰੇ ਅੰਦਰ ਆ ਸਕਦੇ ਹਨ ਤੇ 4 ਕਰੋੜ ਲੋਕ ਬਹੁਤ ਜ਼ਿਆਦਾ ਗ਼ਰੀਬ ਹੋ ਸਕਦੇ ਹਨ। ਆਰਥਰ ਡੀ ਲਿਟਲ ਦੇ ਭਾਰਤ ਤੇ ਦੱਖਣੀ ਏਸ਼ੀਆ ਦੇ ਸੀਈਓ ਤੇ ਪ੍ਰਬੰਧਕੀ ਭਾਈਵਾਲ ਬਾਰਣਿਕ ਚਿਤਰਨ ਮੈਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਤਮ-ਨਿਰਭਰ ਭਾਰਤ ਮੁਹਿੰਮ ਨਵੇਂ ਦ੍ਰਿਸ਼ਟੀਕੋਣ ਲਈ ਚੰਗੀ ਸ਼ੁਰੂਆਤ ਹੈ। ਰਿਪੋਰਟ ਵਿੱਚ ਸਰਕਾਰ ਅਤੇ ਆਰਬੀਆਈ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਗਹੀ ਪਰ ਅਰਥ-ਵਿਵਸਥਾ ਨੂੰ ਹੋ ਰਹੇ ਵਿਆਪਕ ਨੁਕਸਾਨ ਤੋਂ ਬਚਾਉਣ ਲਈ ਹੋਰ ਵਧੇਰੇ ਸਪੱਸ਼ਅ ਦ੍ਰਿਸ਼ਟੀਕੋਣ ਦੀ ਜ਼ਰੂਰਤ ਦੱਸੀ ਗਈ ਹੈ। ਰਿਪੋਰਟ ਵਿੱਚ ਅਰਥ-ਵਿਵਸਥਾ ਦੀ ਬਹਾਲੀ ਲਈ 10-ਨੁਕਾਤੀ ਪ੍ਰੋਗਰਾਮ ਵੀ ਸੁਝਾਇਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.