ਹਥਿਆਰਾਂ ਦੀ ਨੋਕ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ

ਅੰਮ੍ਰਿਤਸਰ, 20 ਮਈ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਦੇ ਮਜੀਠਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਸੋਹੀਆਂ ਕਲਾਂ ਵਿਖੇ ਸਥਿਤ ਇੰਡਸਇੰਡ ਬੈਂਕ ਦੀ ਇੱਕ ਸ਼ਾਖਾ 'ਚ ਮੰਗਲਵਾਰ ਦੁਪਹਿਰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਅਤੇ 10.92 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਮੁਤਾਬਿਕ ਇਹ ਘਟਨਾ ਮੰਗਲਵਾਰ ਦੁਪਹਿਰ 1.20 ਵਜੇ ਵਾਪਰੀ। ਬੈਂਕ 'ਚ ਤਿੰਨ ਨਕਾਬਪੋਸ਼ ਲੁਟੇਰੇ ਮੂੰਹ ਢੱਕ ਕੇ ਦਾਖਲ ਹੋਏ। ਇਨ੍ਹਾਂ ਨੇ ਬੈਂਕ 'ਚ ਮੌਜੂਦ ਸਟਾਫ਼ ਨੂੰ ਹਥਿਆਰਾਂ ਦੀ ਨੋਕ 'ਤੇ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਹੱਥ, ਪੈਰ ਤੇ ਮੂੰਹ ਬੰਨ੍ਹ ਦਿੱਤੇ। ਇਸ ਮਗਰੋਂ ਬੈਂਕ 'ਚ ਪਏ 10 ਲੱਖ 92 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਮਜੀਠਾ ਥਾਣੇ ਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਘਟਨਾ ਸਮੇਂ ਬੈਂਕ 'ਚ ਸਿਰਫ਼ ਮੈਨੇਜਰ ਕਰਨ ਕੁਮਾਰ ਅਤੇ ਇੱਕ ਸਫ਼ਾਈ ਮੁਲਾਜ਼ਮ ਲਵਪ੍ਰੀਤ ਸਿੰਘ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੈਨੇਜਰ ਦੇ ਬਿਆਨ ਅਨੁਸਾਰ ਤਿੰਨ ਲੁਟੇਰੇ ਚਿੱਟੇ ਰੰਗ ਦੀ ਕਾਰ 'ਚ ਆਏ ਸਨ, ਜੋ ਉਨ੍ਹਾਂ ਨੇ ਬੈਂਕ ਦੇ ਬਾਹਰ ਖੜ੍ਹੀ ਕੀਤੀ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.