ਜੰਮੂ, 20 ਮਈ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਸੈਂਕੜੇ ਅੱਤਵਾਦੀ ਮੌਜੂਦ ਹਨ ਤੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਯੋਜਨਾ ਨੂੰ ਅਸਫ਼ਲ ਕਰਨ ਲਈ ਸੁਰੱਖਿਆ ਕਰਮਚਾਰੀ ਚੌਕਸੀ ਰੱਖ ਰਹੇ ਹਨ। ਉਨ੍ਹਾਂ ਪੁਲਿਸ ਹੈੱਡਕੁਆਰਟਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਨ ਦੇ ਇਰਾਦੇ ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀ ਉਸ ਪਾਸੇ ਇਕੱਠੇ ਹੋਏ ਹਨ। ਕਸ਼ਮੀਰ ਘਾਟੀ ਵਿਚ ਪਹਿਲਾਂ ਹੀ ਲਗਭਗ ਚਾਰ ਘੁਸਪੈਠ ਹੋ ਚੁੱਕੀਆਂ ਹਨ ਤੇ ਰਾਜੌਰੀ-ਪੁੰਛ ਖੇਤਰ ਚ ਦੋ ਜਾਂ ਤਿੰਨ ਅਜਿਹੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਇਸ 'ਤੇ ਚਿੰਤਾ ਜ਼ਾਹਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ, ਫ਼ੌਜ ਅਤੇ ਹੋਰ ਏਜੰਸੀਆਂ ਬਹੁਤ ਸਰਗਰਮ ਹਨ ਤੇ ਅੱਤਵਾਦੀ ਠਿਕਾਣਿਆਂ ਚ ਸਿਖਿਅਤ ਅੱਤਵਾਦੀ ਤਿਆਰ ਹਨ। ਉਨ੍ਹਾਂ ਕਿਹਾ, ਸਾਡੀਆਂ ਏਜੰਸੀਆਂ ਦੇ ਤਾਜ਼ਾ ਮੁਲਾਂਕਣ ਦੇ ਅਨੁਸਾਰ ਕਸ਼ਮੀਰ ਵਾਲੇ ਪਾਸੇ ਅੱਤਵਾਦੀਆਂ ਦੀ ਅਨੁਮਾਨਿਤ ਗਿਣਤੀ (ਪੀਓਕੇ ਵਿੱਚ ਐਲਓਸੀ ਨੇੜੇ ਅੱਤਵਾਦੀ ਟਿਕਾਣੇ ਚ) ਲਗਭਗ 150 ਤੋਂ 200 ਹਨ ਤੇ ਇਸ ਪਾਸੇ (ਜੰਮੂ ਖੇਤਰ) ਚ 100 ਤੋਂ 125 ਅੱਤਵਾਦੀ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਚਾਰ ਸਮੂਹ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਵਿਚ ਕਾਮਯਾਬ ਰਹੇ ਹਨ। ਡੀਜੀਪੀ ਨੇ ਕਿਹਾ ਕਿ ਇਸ ਸਾਲ ਜੰਮੂ-ਕਸ਼ਮੀਰ ਚ 30 ਅੱਤਵਾਦੀਆਂ ਵੱਲੋਂ ਘੁਸਪੈਠ ਦੀਆਂ ਖ਼ਬਰਾਂ ਆਈਆਂ ਹਨ। ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅੰਦਰੂਨੀ ਹਿੱਸੇ ਵਿੱਚ 240 ਤੋਂ ਵੱਧ ਅੱਤਵਾਦੀ ਸਰਗਰਮ ਹਨ। ਇਹ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਇਸ ਸਾਲ ਅਸੀਂ 270 ਦੇ ਅੰਕੜੇ ਨਾਲ ਸ਼ੁਰੂਆਤ ਕੀਤੀ। ਅੱਜ ਇਹ ਗਿਣਤੀ 240 ਦੇ ਨੇੜੇ ਹੈ। ਅਸੀਂ ਹੁਣ ਤੱਕ 70 ਤੋਂ ਵੱਧ ਅੱਤਵਾਦੀਆਂ ਦਾ ਸਫਾਇਆ ਕਰਨ ਵਿਚ ਕਾਮਯਾਬ ਹੋ ਚੁੱਕੇ ਹਾਂ। ਇਸ ਵਿਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 21 ਕਮਾਂਡਰ ਵੀ ਹਨ। ਇਹ ਸਾਰੇ ਕਸ਼ਮੀਰ ਅਤੇ ਜੰਮੂ ਖੇਤਰ ਵਿੱਚ ਸਰਗਰਮ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.