ਮਿਲਾਨ, 20 ਮਈ (ਹਮਦਰਦ ਨਿਊਜ਼ ਸਰਵਿਸ) : ਇਟਲੀ ਵਿੱਚ ਕੋਰੋਨਾ ਨੇ ਕਾਫ਼ੀ ਤਬਾਹੀ ਮਚਾਹੀ ਹੈ ਇਸੇ ਦੇ ਚਲਦਿਆਂ ਲੌਕਡਾਊਨ ਲੱਗਾ ਹੋਣ ਕਾਰਨ ਸਾਰੇ ਕੰਮਕਾਰ ਠੱਪ ਸਨ, ਹਾਲਾਤ 'ਚ ਸੁਧਾਰ ਨੂੰ ਦੇਖਦਿਆਂ 4 ਮਈ ਨੂੰ ਇਟਲੀ ਸਰਕਾਰ ਨੇ ਦੂਜੇ ਪੜਾਅ ਤਹਿਤ ਕੁਝ ਕੰਮਕਾਰ ਖੋਲ੍ਹ ਦਿੱਤੇ ਸਨ। ਪਿਛਲੇ ਦਿਨੀਂ ਇਟਲੀ ਸਰਕਾਰ ਵੱਲੋਂ ਬਾਕੀ ਬੰਦ ਪਏ ਕਾਰੋਬਾਰ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। 18 ਮਈ ਨੂੰ ਇਟਲੀ ਸਰਕਾਰ ਵੱਲੋਂ ਕਾਫੀ ਹੱਦ ਤੱਕ ਕੰਮਕਾਰਾਂ ਦੇ ਖੋਲ੍ਹਣ ਕਰ ਕੇ ਇਟਲੀ ਦੀਆਂ ਸੜਕਾਂ 'ਤੇ ਕਾਫੀ ਚਹਿਲ-ਪਹਿਲ ਨਜ਼ਰ ਆਈ। ਬਾਜ਼ਾਰਾਂ 'ਚ ਕਾਫੀ ਭੀੜ ਦੇਖਣ ਨੂੰ ਮਿਲੀ। ਚੀਨ ਤੋਂ ਬਾਅਦ ਇਟਲੀ 'ਚ ਕੋਰੋਨਾ ਮਹਾਮਾਰੀ ਕਰ ਕੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ। ਇਟਲੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਲੱਖ 25 ਹਜ਼ਾਰ 435 'ਤੇ ਪਹੁੰਚ ਚੁੱਕੀ ਹੈ। 32 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਹਾਲਾਤ 'ਚ ਸੁਧਾਰ ਕਾਰਨ ਬਹੁਤੀਆਂ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਕੰਮ 'ਤੇ ਸੱਦ ਲਿਆ ਹੈ। ਤਕਰੀਬਨ ਤਿੰਨ ਮਹੀਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਇਟਲੀ ਸਰਕਾਰ ਨੇ ਜ਼ਿੰਦਗੀ ਨੂੰ ਮੁੜ ਲੀਹਾਂ 'ਤੇ ਲਿਆਂਦਾ ਹੈ, ਜਿਸ ਵਿਚ ਡਾਕਟਰਾਂ ਦੀ ਟੀਮਾਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਕੀਤੇ ਗਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਤਕਰੀਬਨ ਦੋ ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਖੁੱਲ੍ਹਣ 'ਤੇ ਕਾਫੀ ਸੰਸਥਾਵਾਂ ਲੋਕਾਂ ਨੂੰ ਕੋਵਿਡ-19 ਸਬੰਧੀ ਨਿਯਮ ਅਪਣਾਉਣ ਦੀ ਅਪੀਲ ਵੀ ਕਰ ਚੁੱਕੀਆਂ। ਲੋਕਾਂ ਨੂੰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਹੈ ਕੋਰੋਨਾ ਵਾਇਰਸ ਨੂੰ ਅਣਗੌਲਿਆ ਨਾ ਕੀਤਾ ਜਾਵੇ, ਕਿਉਂਕਿ ਹਾਲੇ ਸਿਰਫ ਲਾਕਡਾਊਨ ਖੁੱਲ੍ਹਾ ਹੈ ਪਰ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਿਆ। ਬੇਸ਼ੱਕ ਇਟਲੀ ਨੇ ਕਾਫੀ ਹੱਦ ਤਕ ਕੋਰੋਨਾ ਦੇ ਮਰੀਜ਼ਾਂ 'ਚ ਸੁਧਾਰ ਕਰ ਲਿਆ ਹੈ ਪਰ ਲੋਕਾਂ ਨੂੰ ਹਾਲੇ ਸਾਵਧਾਨ ਰਹਿਣ ਦੀ ਲੋੜ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.