ਨਵੀਂ ਦਿੱਲੀ, 20 ਮਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ 11ਵੇਂ ਸਥਾਨ 'ਤੇ ਪੁੱਜ ਗਿਆ ਹੈ। ਹਾਲਾਂਕਿ, ਇਸ ਮਹਾਮਾਰੀ ਨਾਲ ਮੌਤਾਂ ਦੇ ਲਿਹਾਜ਼ ਨਾਲ ਭਾਰਤ 16ਵੇਂ ਸਥਾਨ 'ਤੇ ਹੈ। ਮੰਗਲਵਾਰ ਨੂੰ ਵੀ ਭਾਰਤ 'ਚ ਸਾਢੇ 4 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ 'ਚ ਮਹਾਰਾਸ਼ਟਰ ਲਗਾਤਾਰ ਤੀਜੇ ਦਿਨ ਵੀ ਮੋਹਰੀ ਬਣਿਆ ਰਿਹਾ। ਮਹਾਰਾਸ਼ਟਰ 'ਚ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ, ਤਾਮਿਲਨਾਡੂ ਤੇ ਗੁਜਰਾਤ 'ਚ ਵੀ ਮਾਮਲੇ ਵਧਦੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵੀ 3200 ਦੇ ਕਰੀਬ ਪੁੱਜ ਗਈ ਹੈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹਾਲੇ ਤੱਕ ਇਸ ਮਹਾਮਾਰੀ ਨਾਲ 3,163 ਲੋਕਾਂ ਦੀ ਮੌਤ ਹੋਈ ਹੈ ਤੇ 1,01,139 ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ। ਚੰਗੀ ਗੱਲ ਇਹ ਵੀ ਹੈ ਕਿ ਹਾਲੇ ਤਕ 39 ਹਜ਼ਾਰ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀਆਂ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੇ ਕਰਦੀਆਂ ਹਨ।
ਚੌਥੇ ਲੌਕਡਾਊਨ 'ਚ ਜ਼ਿਆਦਾ ਛੋਟ ਮਿਲੀ ਹੈ, ਜਿਸ ਨੂੰ ਦੇਖਦਿਆਂ ਦਿੱਲੀ ਦੀ ਸਥਿਤੀ ਗੰਭੀਰ ਨਜ਼ਰ ਆਉਣ ਲੱਗੀ ਹੈ। ਹਰੇਕ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਦਿੱਲੀ 'ਚ ਨਵੇਂ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। 500 ਨਵੇਂ ਮਾਮਲਿਆਂ ਨਾਲ ਰਾਜਧਾਨੀ 'ਚ ਇਨਫੈਕਟਿਡਾਂ ਦੀ ਗਿਣਤੀ 10,554 ਹੋ ਗਈ ਹੈ। ਗੁਜਰਾਤ 'ਚ 395 ਨਵੇਂ ਮਾਮਲਿਆਂ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 12,141 ਹੋ ਗਈ ਹੈ। ਅਹਿਮਦਾਬਾਦ 'ਚ ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਹੈ। 395 'ਚੋਂ 262 ਨਵੇਂ ਕੇਸ ਅਹਿਮਦਾਬਾਦ 'ਚ ਹੀ ਮਿਲੇ ਹਨ ਤੇ 25 'ਚੋਂ 21 ਮੌਤਾਂ ਵੀ ਮਹਾਨਗਰ 'ਚ ਹੋਈਆਂ ਹਨ। ਅਹਿਮਦਾਬਾਦ 'ਚ ਇਨਫੈਕਟਿਡਾਂ ਦਾ ਅੰਕੜਾ 8,945 'ਤੇ ਪੁੱਜ ਗਿਆ ਹੈ। ਤਾਮਿਲਨਾਡੂ 'ਚ ਵੀ ਕੋਰੋਨਾ ਦਾ ਇਨਫੈਕਸ਼ਨ ਬੇਕਾਬੂ ਹੁੰਦਾ ਜਾ ਰਿਹਾ ਹੈ। ਸੂਬੇ 'ਚ 688 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤਕ ਇਨਫੈਕਟਿਡ ਪਾਏ ਗਏ ਲੋਕਾਂ ਦੀ ਗਿਣਤੀ 12,448 ਹੋ ਗਈ ਹੈ। ਹੁਣ ਤਕ ਸੂਬੇ 'ਚ 84 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਰਨਾਟਕ 'ਚ ਹੁਣ ਤਕ 1,395, ਆਂਧਰ ਪ੍ਰਦੇਸ਼ 'ਚ 2,489, ਕੇਰਲ 'ਚ 642 ਤੇ ਓਡੀਸ਼ਾ 'ਚ 978 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ। ਉੱਤਰ ਪ੍ਰਦੇਸ਼ 'ਚ ਵੀ ਇਨਫੈਕਸ਼ਨ ਵੱਧਦਾ ਜਾ ਰਿਹਾ ਹੈ। ਸੂਬੇ ਦੇ ਸਾਰੇ 75 ਜ਼ਿਲ੍ਹਿਆਂ 'ਚ ਇਨਫੈਕਸ਼ਨ ਫੈਲ ਚੁੱਕਾ ਹੈ। ਇਨਫੈਕਟਿਡਾਂ ਦੀ ਕੁਲ ਗਿਣਤੀ ਕਰੀਬ ਪੰਜ ਹਜ਼ਾਰ ਹੋ ਗਈ ਹੈ। ਮੰਗਲਵਾਰ ਨੂੰ ਵੀ 142 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 4,748 'ਤੇ ਪੁੱਜ ਗਿਆ। ਇਸੇ ਤਰ੍ਹਾਂ ਰਾਜਸਥਾਨ 'ਚ ਵੀ ਹੁਣ ਤਕ 5,629, ਜੰਮੂ-ਕਸ਼ਮੀਰ 'ਚ 1,317, ਪੰਜਾਬ 'ਚ 2,095, ਹਰਿਆਣਾ 'ਚ 974 ਤੇ ਬੰਗਾਲ 'ਚ 2,961 ਮਰੀਜ਼ ਹੁਣ ਤੱਕ ਮਿਲੇ ਹਨ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.