ਕੋਲਕਾਤਾ, 21 ਮਈ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਖਾੜੀ ਵਿੱਚ ਦਹਾਕਿਆਂ ਦੇ ਸਭ ਤੋਂ ਵੱਡੇ ਚੱਕਰਵਾਤੀ ਤੂਫ਼ਾਨ 'ਅੰਫਾਨ' ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਦਰੱਖਤ, ਖੰਭੇ ਤੇ ਕੱਚੇ ਮਕਾਨ ਡਿੱਗ ਚੁੱਕੇ ਹਨ। ਕਿਸੇ ਦੀ ਛੱਤ ਉੱਡ ਗਈ ਤਾਂ ਕਿਸੇ ਦਾ ਘਰ ਢਹਿ ਢੇਰੀ ਹੋ ਗਿਆ। ਹਾਲਾਂਕਿ ਹੁਣ ਇਹ ਤੂਫ਼ਾਨ ਕਮਜ਼ੋਰ ਹੋ ਚੁੱਕਾ ਹੈ ਅਤੇ ਇਹ ਉੱਤਰ-ਪੂਰਬ ਦਿਸ਼ਾ ਵੱਲ ਵੱਧ ਗਿਆ ਹੈ। ਇਸ ਦੀ ਰਫ਼ਤਾਰ ਪਿਛਲੇ 6 ਘੰਟਿਆਂ 'ਚ 30 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਅਗਲੇ ਕੁਝ ਘੰਟਿਆਂ 'ਚ ਇਹ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਹਾਲਾਂਕਿ ਕੋਲਕਾਤਾ, ਹਾਵੜਾ, ਹੁਗਲੀ, 24 ਪਰਗਨਾ ਤੇ ਮਿਦਨਾਪੁਰ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਮੀਂਹ ਪੈ ਰਿਹਾ ਹੈ। ਐਨਡੀਆਰਐਫ ਦੇ ਡੀਜੀ ਐਸਐਨ ਪ੍ਰਧਾਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਕੋਲਕਾਤਾ ਤੇ ਉੜੀਸਾ 'ਚ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਸੜਕਾਂ 'ਤੇ ਡਿੱਗੇ ਦਰੱਖਤ ਕੱਟ ਕੇ ਹਟਾਏ ਜਾ ਰਹੇ ਹਨ। ਤੂਫ਼ਾਨ ਤੋਂ ਪਹਿਲਾਂ 5 ਲੱਖ ਤੋਂ ਵੱਧ ਲੋਕਾਂ ਨੂੰ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਉਡੀਸ਼ਾ 'ਚ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੱਛਮੀ ਬੰਗਾਲ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਦੀ ਖ਼ਬਰ ਹੈ। ਹਾਵੜਾ 'ਚ 1 ਅਤੇ ਉੱਤਰੀ ਪਰਗਨਾ ਜ਼ਿਲ੍ਹੇ ਵਿੱਚ 2 ਲੋਕਾਂ ਦੀ ਮੌਤ ਹੋਈ ਹੈ। ਮੌਸਮ ਵਿਭਾਗ ਦੇ ਨਿਦੇਸ਼ਕ ਮ੍ਰਿਤੁੰਜੈ ਮਹਾਪਾਤਰਾ ਨੇ ਦੱਸਿਆ ਕਿ ਤੂਫ਼ਾਨ ਸ਼ਾਮ 7 ਵਜੇ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੋਲਕਾਤਾ ਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਟਕਰਾਇਆ। ਤੂਫ਼ਾਨ ਕਾਰਨ ਲਗਾਤਾਰ ਮੀਂਹ ਪੈ ਰਿਹਾ ਹੈ। ਅੰਫ਼ਾਨ ਸਾਲ 1999 'ਚ ਆਏ ਉੜੀਸਾ ਤੂਫ਼ਾਨ ਤੋਂ ਬਾਅਦ ਸਭ ਤੋਂ ਤੇਜ਼ ਤੇ ਸ਼ਕਤੀਸ਼ਾਲੀ ਤੂਫ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੱਡੇ ਪੱਧਰ 'ਤੇ ਪੱਕੇ ਨਿਰਮਾਣਾਂ, ਘਰਾਂ ਤੇ ਦਰੱਖਤਾਂ ਨੂੰ ਨੁਕਸਾਨ ਹੋਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.