ਯੂਪੀ, 22 ਮਈ (ਹਮਦਰਦ ਨਿਊਜ਼ ਸਰਵਿਸ) : ਲੌਕਡਾਊਨ 'ਚ ਆਪਣੇ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ। ਹੁਣ ਯੂਪੀ ਦੇ ਮਿਰਜ਼ਾਪੁਰ 'ਚ ਮਜ਼ਦੂਰਾਂ ਨਾਲ ਹਾਦਸਾ ਵਾਪਰ ਗਿਆ। ਇੱਥੇ ਸੜਕ ਕੰਢੇ ਸੌ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਵੱਡੇ ਟਰਾਲੇ ਨੇ ਦਰੜ ਦਿੱਤਾ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਮਜ਼ਦੂਰ ਮੁੰਬਈ ਤੋਂ ਬਿਹਾਰ ਜਾਣ ਲਈ ਇਨੋਵਾ ਗੱਡੀ 'ਚ ਨਿਕਲੇ ਸਨ। ਰਾਤ ਨੂੰ ਡਰਾਈਵਰ ਨੇ ਲਾਲਗੰਜ ਨੇੜੇ ਕਾਰ ਨੂੰ ਰੋਕਿਆ ਅਤੇ ਆਰਾਮ ਕਰਨ ਲੱਗੇ। ਸਾਰੇ ਮਜ਼ਦੂਰ ਵੀ ਹੇਠਾਂ ਉਤਰ ਗਏ ਅਤੇ ਸੜਕ ਕੰਢੇ ਹੀ ਸੌ ਗਏ। ਸਵੇਰੇ ਅਚਾਨਕ ਦੂਜੇ ਪਾਸਿਉਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦਾ ਸਟੇਅਰਿੰਗ ਫੇਲ੍ਹ ਹੋ ਗਿਆ ਅਤੇ ਉਹ ਸੜਕ ਕੰਢੇ ਸੁੱਤੇ ਪਏ ਮਜ਼ਦੂਰਾਂ 'ਤੇ ਚੜ੍ਹ ਗਿਆ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਵੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ 'ਚ ਭੇਜ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.