ਸਿਡਨੀ (ਆਸਟਰੇਲੀਆ), 22 ਮਈ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਵਿੱਚ ਇੱਕ ਪੰਜਾਬਣ ਵਿਦਿਆਰਥਣ ਦਾ ਉਸ ਦੇ ਪਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸਿਡਨੀ ਦੇ ਇਲਾਕੇ ਕੁਏਕਰ ਹਿੱਲ ਵਿੱਚ ਵਾਪਰੀ। ਜਾਣਕਾਰੀ ਅਨੁਸਾਰ 27 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਕਮਲਜੀਤ ਕੌਰ ਸਿੱਧੂ ਦਾ ਉਸ ਦੇ ਪਤੀ 31 ਸਾਲਾ ਬਲਤੇਜ ਨੇ 15 ਸੈਂਟੀਮੀਟਰ ਚਾਕੂ ਨਾਲ ਗਲਾ ਕੱਟ ਦਿੱਤਾ।  ਇਹ ਦੋਵੇਂ ਜਣੇ ਆਸਟਰੇਲੀਆ ਵਿੱਚ ਭਾਰਤ ਤੋਂ ਦੋ ਸਾਲ ਪਹਿਲਾਂ ਵਿਦਿਆਰਥੀ ਵੀਜ਼ਾ 'ਤੇ ਆਏ ਸਨ। ਦੋਵਾਂ ਦੇ ਵਿਆਹ ਨੂੰ ਚਾਰ ਸਾਲ ਹੋਏ ਸਨ। ਕਰੋਨਾਵਾਇਰਸ ਕਾਰਨ ਲੌਕਡਾਊਨ ਸਮੇਂ ਘਰ 'ਚ ਘਰੇਲੂ ਹਿੰਸਾ ਹੋਈ ਸੀ। ਪਿਛਲੇ ਮਹੀਨੇ ਦੋਵਾਂ ਦੀ ਹੋਈ ਤਕਰਾਰ ਤੋਂ ਬਾਅਦ ਝਗੜੇ ਸਬੰਧੀ ਇੱਕ ਕੇਸ ਵੀ ਪੁਲਿਸ ਸਟੇਸ਼ਨ ਵਿੱਚ ਦਰਜ ਸੀ, ਜਿਸ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਕੁਝ ਸ਼ਰਤਾਂ ਤਹਿਤ ਦੋਵਾਂ ਨੂੰ ਇੱਕੋ ਘਰ 'ਚ ਇਕੱਠੇ ਰਹਿਣ ਦੀ ਆਗਿਆ ਦਿੱਤੀ ਸੀ। ਮ੍ਰਿਤਕਾ ਦਾ ਭਰਾ ਵੀ ਇਸੇ ਘਰ ਵਿੱਚ ਰਹਿੰਦਾ ਸੀ। ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਵੇਖਿਆ ਕਿ ਇੱਕ ਕਮਰੇ ਵਿੱਚ ਉਸ ਦੀ ਭੈਣ ਲਹੂ-ਲੁਹਾਨ ਹੋਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬਲਤੇਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.