ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ 'ਚ ਟਰੰਪ

ਵਾਸ਼ਿੰਗਟਨ, 23 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਦੇ ਮੁੱਦੇ ਨੂੰ ਲੈ ਕੇ ਚੀਨ ਵਿਰੁੱਧ ਕਾਫ਼ੀ ਨਾਰਾਜ਼ ਚੱਲ ਰਹੇ ਹਨ। ਚੀਨੀ ਸਟੌਕ ਮਾਰਕਿਟ ਤੋਂ ਅਮਰੀਕੀ ਪੈਨਸ਼ਨ ਫੰਡ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ ਹੁਣ ਅਮਰੀਕਾ ਚੀਨ ਦੀਆਂ ਅਜਿਹੀਆਂ 33 ਕੰਪਨੀਆਂ ਅਤੇ ਸੰਸਥਾਵਾਂ ਨੂੰ ਬਲੈਕਲਿਸਟ ਕਰਨ ਜਾ ਰਿਹਾ ਹੈ, ਜੋ ਕਥਿਤ ਤੌਰ 'ਤੇ ਚੀਨੀ ਫ਼ੌਜ ਨਾਲ ਜੁੜੀਆਂ ਹੋਈਆਂ ਹਨ।
ਟਰੰਪ ਲਗਾਤਾਰ ਦੋਸ਼ ਲਾ ਰਿਹਾ ਹੈ ਕਿ ਕੋਰੋਨਾ ਵਾਇਰਸ ਨਾ ਸਿਰਫ਼ ਵੁਹਾਨ ਦੀ ਲੈਬ ਵਿੱਚ ਪੈਦਾ ਹੋਇਆ, ਸਗੋਂ ਚੀਨ ਨੇ ਜਾਣਬੁੱਝ ਕੇ ਇਸ ਨੂੰ ਦੁਨੀਆ ਵਿੱਚ ਫੈਲਣ ਦਿੱਤਾ। ਅਮਰੀਕੀ ਵਣਦ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 7 ਕੰਪਨੀਆਂ ਅਤੇ 2 ਸੰਸਥਾਵਾਂ ਨੂੰ ਸੂਚੀ ਵਿੱਚ ਪਾਇਆ ਗਿਆ, ਕਿਉਂਕਿ ਉਹ ਉਈਗਰ ਅਤੇ ਹੋਰ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਚੀਨੀ ਮੁਹਿੰਮ ਨਾਲ ਜੁੜੀਆਂ ਸਨ, ਜਿਸ ਦੇ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਵਜਾਹ ਹਿਰਾਸਤ ਵਿੱਚ ਲਿਆ ਜਾਂਦਾ ਹੈ। ਉਨ•ਾਂ ਕੋਲੋਂ ਬੰਧਅਾ ਮਜ਼ਦੂਰੀ ਕਰਵਾਈ ਜਾਂਦੀ ਹੈ ਅਤੇ ਹਾਈ-ਟੈਕ ਤਕਨੀਕ ਦੇ ਸਹਾਰੇ ਉਨ•ਾਂ 'ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਦੋ ਦਰਜਨ ਹੋਰ ਕੰਪਨੀਆਂ, ਸਰਕਾਰੀ ਸੰਸਥਾਵਾਂ ਅਤੇ ਵਪਾਰਕ ਸੰਗਠਨਾਂ ਨੂੰ ਵੀ ਚੀਨੀ ਫ਼ੌਜ ਲਈ ਸਾਮਾਨ ਦੀ ਸਪਲਾਈ ਕਰਨ ਕਰਕੇ ਬਲੈਕਲਿਸਟ ਵਿੱਚ ਪਾਇਆ ਗਿਆ ਹੈ।
ਬਲੈਕਲਿਸਟ ਹੋਣ ਵਾਲੀਆਂ ਇਹ ਕੰਪਨੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਫ਼ੇਸ਼ੀਅਲ ਰਿਕੋਗਨੀਸ਼ਨ ਜਿਹੀਆਂ ਤਕਨੀਕਾਂ ਦੇ ਖੇਤਰਾਂ ਵਿੱਚ ਕੰਮ ਕਰਦੀਆਂ ਹਨ। ਦੱਸ ਦੇਈਏ ਕਿ ਅਮਰੀਕਾ ਦੀਆਂ ਹੀ ਇੰਟੈਲ ਕਾਰਪ ਅਤੇ ਐਨਵਿਡੀਆ ਕਾਰਪ ਜਿਹੀਆਂ ਕਈ ਵੱਡੀਆਂ ਕੰਪਨੀਆਂ ਨੇ ਇਨ•ਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਚੀਨ ਦੀਆਂ ਬਲੈਕਲਿਸਟ ਕੀਤੀਆਂ ਗਈਆਂ ਕੰਪਨੀਆਂ ਵਿੱਚ ਨੈਟਪੋਸਾ ਦਾ ਨਾਂ ਵੀ ਸ਼ਾਮਲ ਹੈ, ਜੋ ਚੀਨ ਦੀ ਇੱਕ ਵੱਡੀ ਏਆਈ ਕੰਪਨੀ ਹੈ ਅਤੇ ਜਿਸ ਦੀ ਫ਼ੇਸ਼ੀਅਲ ਰਿਕੋਗਨੀਸ਼ਨ 'ਤੇ ਕੰਮ ਕਰਨ ਵਾਲੀ ਸਹਿਯੋਗੀ ਕੰਪਨੀ ਨੂੰ ਮੁਸਲਮਾਨਾਂ ਦੀ ਨਿਗਰਾਨੀ ਕਰਨ ਵਿੱਚ ਲਿਪਤ ਦੱਸਿਆ ਜਾ ਰਿਹਾ ਹੈ।  ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਤੋਂ ਹੀ ਆਇਆ ਹੈ। ਅਮਰੀਕਾ ਇਸ ਨੂੰ ਹਲਕੇ ਵਿੱਚ ਨਹੀਂ ਲਏਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.