ਚੰਡੀਗੜ੍ਹ,  24 ਮਈ, ਹ.ਬ. : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਮੁਲਕ ਦੇ ਕੋਵਿਡ 19 ਸਬੰਧੀ ਮੈਡੀਕਲ ਸਰਟੀਫਿਕੇਟ ਨੂੰ ਨਹੀਂ ਮੰਨਦੇ ਅਤੇ ਵਤਨ ਵਾਪਸੀ ਕਰਨ ਵਾਲੇ ਹਰੇਕ ਵਿਅਕਤੀ ਦਾ ਪੰਜਾਬ ਆਉਣ 'ਤੇ ਟੈਸਟ ਕੀਤਾ ਜਾਵੇਗਾ। ਪੰਜਾਬ ਆਉਣ ਵਾਲਿਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਲਾਜ਼ਮੀ ਹੋਵੇਗਾ।  ਫੇਸਬੁੱਕ 'ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ 20 ਹਜ਼ਾਰ ਪਰਵਾਸੀ ਭਾਰਤੀ ਅਤੇ ਵੱਖ-ਵੱਖ ਸੂਬਿਆਂ ਤੋਂ ਲਗਪਗ 60 ਹਜ਼ਾਰ ਲੋਕਾਂ ਨੇ ਪੰਜਾਬ ਆਉਣਾ ਹੈ, ਇਨ੍ਹਾਂ ਸਾਰਿਆਂ ਦਾ ਪੰਜਾਬ ਆਉਣ 'ਤੇ ਟੈਸਟ ਕੀਤਾ ਜਾਵੇਗਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਿਛਲੇ ਦਿਨੀਂ ਦੁਬਈ ਤੋਂ ਵੱਡੀ ਗਿਣਤੀ ਵਿਚ ਐਨਆਰਆਈਜ਼ ਆਏ ਸਨ, ਜਿਨ੍ਹਾਂ ਦੀ ਮੈਡੀਕਲ ਰਿਪੋਰਟ ਠੀਕ ਸੀ, ਪਰ ਇੱਥੇ ਦੁਬਾਰਾ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਸ ਕਰ ਕੇ ਉਹ ਕਿਸੇ ਤਰ੍ਹਾਂ ਖ਼ਤਰਾ ਲੈਣ ਨੂੰ ਤਿਆਰ ਨਹੀਂ ਹਨ। ਕੈਪਟਨ ਨੇ ਕਿਹਾ ਕਿ 13 ਲੱਖ ਦੇ ਕਰੀਬ ਲੋਕਾਂ ਨੇ ਆਪਣੇ ਪਿਤਰੀ ਰਾਜਾਂ ਨੂੰ ਜਾਣ ਬਾਰੇ ਅਪਲਾਈ ਕੀਤਾ ਹੈ ਅਤੇ 3.25 ਲੱਖ ਲੋਕਾਂ ਨੂੰ ਵੱਖ ਵੱਖ ਗੱਡੀਆਂ ਰਾਹੀਂ ਭੇਜਿਆ ਜਾ ਚੁੱਕਾ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦੂਜੇ ਸੂਬਿਆਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਦਾ ਪ੍ਰਬੰਧ ਕਰਨ ਨੂੰ ਤਿਆਰ ਹੈ ਕਿਉਂਕਿ ਪੰਜਾਬੀ ਤਾਂ ਉਨ੍ਹਾਂ ਦੇ ਆਪਣੇ ਹਨ। ਦੂਜੇ ਸੂਬਿਆਂ ਤੋਂ ਰੇਲ ਗੱਡੀ ਅਤੇ ਬੱਸ ਰਾਹੀਂ ਆਉਣ ਵਾਲੇ ਹਰੇਕ ਯਾਤਰੀ ਦਾ ਟੈਸਟ ਲਿਆ ਜਾਵੇਗਾ। ਕੈਨੇਡਾ 'ਚ ਫਸੀ ਪੰਜਾਬ ਮੂਲ ਦੀ ਔਰਤ ਦੇ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਵੰਦੇ ਮਾਤਰਮ ਮਿਸ਼ਨ ਰਾਹੀਂ ਪੰਜਾਬ ਆਉਣ ਲਈ ਉਹ ਦੁਬਾਰਾ ਕੈਨੇਡਾ ਸਰਕਾਰ ਨਾਲ ਰਾਬਤਾ ਕਰਨ ਤੇ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਬੇਨਤੀ ਨੂੰ ਅੱਗੇ ਭੇਜੇਗੀ। ਵਰਨਣਯੋਗ ਹੈ ਕਿ ਉਕਤ ਔਰਤ ਨੇ ਕੈਪਟਨ ਨੂੰ ਬੇਨਤੀ ਕੀਤੀ ਹੈ ਕਿ ਉਸ ਨੇ ਵੰਦੇ ਮਾਤਰਮ ਮਿਸ਼ਨ ਰਾਹੀਂ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਹੈ, ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਕੈਪਟਨ ਨੇ ਕਿਹਾ ਕਿ ਕਰਫਿਊ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲੋਕ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਨਹੀਂ ਕਰ ਰਹੇ, ਜਿਸ ਸਬੰਧੀ ਪੁਲਿਸ ਨੂੰ ਚਾਲਾਨ ਕੱਟਣ ਦੇ ਹੁਕਮ ਦਿੱਤੇ ਗਏ ਹਨ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.