ਨਵੀਂ ਦਿੱਲੀ, 24 ਮਈ, ਹ.ਬ. : ਲੱਦਾਖ ਵਿਚ ਮੌਜੂਦਾ ਕੰਟਰੋਲ ਰੇਖਾ ਦੇ ਨਾਲ ਪੈਂਗੋਂਗ ਤਸੋ ਝੀਲ ਤੇ ਗਲਵਾਂ ਘਾਟੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਚੀਨ ਤੇਜ਼ੀ ਨਾਲ ਆਪਣੀ ਫ਼ੌਜ ਵਧਾ ਰਿਹਾ ਹੈ। ਇਸ ਦੇ ਸਾਫ਼ ਸੰਕੇਤ ਹਨ ਕਿ ਉਹ ਭਾਰਤੀ ਫ਼ੌਜ ਨਾਲ ਆਪਣੇ ਟਕਰਾਅ ਨੂੰ ਖਤਮ ਕਰਨ ਲਈ ਤਿਆਰ ਨਹੀਂ ਸੀ। ਇਸ ਵਿਚਾਲੇ ਭਾਰਤੀ ਫ਼ੌਜ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਸ ਦੇ ਗਸ਼ਤੀ ਦਲ ਨੂੰ ਚੀਨੀ ਫ਼ੌਜੀਆਂ ਨੇ ਹਿਰਾਸਤ ਵਿਚ ਲਿਆ ਹੈ। ਇਲਾਕੇ ਦੇ ਹਾਲਾਤ ਦੇ ਜਾਣਕਾਰਾਂ ਨੇ ਦੱਸਿਆ ਕਿ ਚੀਨ ਨੇ ਗਲਵਾਂ ਘਾਟੀ ਵਿਚ ਆਪਣੇ ਫ਼ੌਜੀਆਂ ਦੀ ਮੌਜੂਦਗੀ ਵਧਾ ਦਿੱਤੀ ਹੈ। ਭਾਰਤੀ ਫ਼ੌਜੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਪਿਛਲੇ ਦੋ ਹਫ਼ਤਿਆਂ ਵਿਚ ਚੀਨ ਦੀ ਫ਼ੌਜ ਨੇ 100 ਟੈਂਟ ਖੜ੍ਹੇ ਕਰ ਦਿੱਤੇ ਹਨ। ਬੰਕਰਾਂ ਦੇ ਸੰਭਾਵੀ ਨਿਰਮਾਣ ਲਈ ਮਸ਼ੀਨਰੀ ਲਾਈ ਗਈ ਹੈ। ਵਧਦੇ ਤਣਾਅ ਵਿਚਾਲੇ ਫ਼ੌਜ ਮੁਖੀ ਜਨਰਲ ਐਮਐਮ ਨਰਵਾਣੇ ਨੇ ਲੇਹ ਵਿਚ 14ਵੀਂ ਕੋਰ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਤੇ ਚੋਟੀ ਦੇ ਕਮਾਂਡਰਾਂ ਨਾਲ ਇਸ ਇਲਾਕੇ ਵਿਚ ਸਮੁੱਚੀ ਸੁਰੱਖਿਆ ਦੀ ਸਮੀਖਿਆ ਕੀਤੀ। ਫ਼ੌਜੀ ਸੂਤਰਾਂ ਨੇ ਕਿਹਾ ਕਿ ਭਾਰਤੀ ਫ਼ੌਜ ਜਵਾਬ ਦੇਣ ਲਈ ਤਿਆਰ ਹੈ। ਗੌਰਤਲਬ ਹੈ ਕਿ ਐਲਏਸੀ 'ਤੇ ਚੀਨ ਅਤੇ ਭਾਰਤ ਦੇ ਵਿਚ ਵਧਦੇ ਤਣਾਅ ਨੇ ਦੋਵੇਂ ਦੇਸ਼ਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜ ਦੀ ਤੈਨਾਤੀ ਵਧਾਉਣ ਦੇ ਲਈ ਮਜਬੂਰ ਕਰ ਦਿੱਤਾ ਹੈ। ਚੀਨੀ ਅਤੇ ਭਾਰਤੀ ਦੋਵੇਂ ਸੈਨਾਵਾਂ ਉਨ੍ਹਾਂ ਥਾਵਾਂ 'ਤੇ ਹਾਈ ਅਲਰਟ 'ਤੇ ਹਨ ਜਿੱਥੇ ਤਣਾਅ ਅਤੇ ਝੜਪਾਂ ਹੋਈਆਂ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.