ਲੰਡਨ, 26 ਮਈ, ਹ.ਬ. : ਵਿਟਾਮਿਨ ਡੀ ਦੀ ਵੱਧ ਖੁਰਾਕ ਕੋਰੋਨਾ ਤੋਂ ਬਚਾਉਣ ਵਿਚ ਸਹਾਇਕ ਅਤੇ ਨਾ ਹੀ ਇਸ ਦੇ ਇਲਾਜ ਵਿਚ ਕੋਈ ਭੂਮਿਕਾ ਨਿਭਾਉਂਦੀ ਹੈ, ਸਗੋਂ ਜ਼ਿਆਦਾ ਖੁਰਾਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਮਾਨਚੈਸਟਰ ਦੇ ਵਿਗਿਆਨਕਾਂ ਨੇ ਇਹ ਗੱਲ ਕਹੀ ਹੈ। ਹਾਲ ਹੀ ਵਿਚ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਟਾਮਿਨ ਡੀ ਦੀ ਹਾਈ ਡੋਜ਼ ਕੋਵਿਡ-19 ਦੇ ਖ਼ਤਰੇ ਨੂੰ ਘੱਟ ਕਰਨ ਦੇ ਸਮਰੱਥ ਹੈ। ਵਿਗਿਆਨੀਆਂ ਨੇ ਦੱਸਿਆ ਕਿ ਅਜਿਹਾ ਕੋਈ ਪ੍ਰਮਾਣ ਹੁਣ ਤਕ ਨਹੀਂ ਮਿਲਿਆ ਹੈ। ਇੱਕ ਪ੍ਰਕਾਸ਼ਿਤ ਰਿਪੋਰਟ ਵਿਚ ਵਿਗਿਆਨਕਾਂ ਨੇ ਕਿਹਾ ਕਿ ਜਦੋਂ ਤਕ ਕੋਈ ਸਪੱਸ਼ਟ ਵਿਗਿਆਨਕ ਪ੍ਰਮਾਣ ਨਹੀਂ ਮਿਲ ਜਾਂਦਾ ਤਦ ਤਕ ਲੋਕਾਂ ਨੂੰ ਹਰ ਹਾਲ ਵਿਚ ਵਿਟਾਮਿਨ ਡੀ ਦੀ ਹਾਈ ਡੋਜ਼ ਤੋਂ ਬੱਚ ਕੇ ਹੀ ਰਹਿਣਾ ਚਾਹੀਦਾ ਹੈ। ਵਿਟਾਮਿਨ ਡੀ ਇਕ ਹਾਰਮੋਨ ਹੈ। ਸੂਰਜ ਦੇ ਪ੍ਰਕਾਸ਼ ਵਿਚ ਚਮੜੀ ਵਿਚ ਇਸ ਦਾ ਨਿਰਮਾਣ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕੰਟਰੋਲ ਕਰਨ ਵਿਚ ਇਹ ਮਦਦ ਕਰਦਾ ਹੈ ਜਿਸ ਨਾਲ ਹੱਡੀ, ਦੰਦ ਅਤੇ ਮਾਸਪੇਸ਼ੀਆਂ ਦੀ ਸਿਹਤ ਨਿਸ਼ਚਿਤ ਹੁੰਦੀ ਹੈ। ਖੋਜੀ ਸੂ ਲੇਨਹੇਮ ਨਿਊ ਨੇ ਕਿਹਾ ਕਿ ਸੰਪੂਰਣ ਸਿਹਤ ਦੀ ਦ੍ਰਿਸ਼ਟੀ ਤੋਂ ਸਰੀਰ ਵਿਚ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਬਹੁਤ ਜ਼ਰੂਰੀ ਹੈ। ਇਸ ਦੀ ਮਾਤਰਾ ਬਹੁਤ ਘੱਟ ਹੋ ਜਾਏ ਤਾਂ ਰਿਕੇਟ ਵਰਗੀ ਸਮੱਸਿਆ ਹੋ ਸਕਦੀ ਹੈ। ਉਧਰ, ਜੇਕਰ ਮਾਤਰਾ ਬਹੁਤ ਜ਼ਿਆਦਾ ਹੋ ਜਾਏ ਤਾਂ ਸਰੀਰ ਵਿਚ ਕੈਲਸ਼ੀਅਮ ਦਾ ਪੱਧਰ ਵੀ ਵੱਧ ਜਾਵੇਗਾ ਅਤੇ ਸਰੀਰ ਤੇ ਬੁਰਾ ਪ੍ਰਭਾਵ ਪਵੇਗਾ। ਵਿਗਿਆਨਕਾਂ ਨੂੰ ਹੁਣ ਤਕ ਕੋਵਿਡ-19 ਤੋਂ ਬਚਾਅ ਵਿਚ ਵਿਟਾਮਿਨ ਡੀ ਦੀ ਹਾਈ ਡੋਜ਼ ਦੀ ਭੂਮਿਕਾ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.