ਜਹਾਜ਼ ਅਮਲਾ ਤੇ ਯਾਤਰੀ ਕੀਤੇ ਗਏ ਕੁਆਰੰਟੀਨ

ਨਵੀਂ ਦਿੱਲੀ, 27 ਮਈ (ਹਮਦਰਦ ਨਿਊਜ਼ ਸਰਵਿਸ) : ਘਰੇਲੂ ਉਡਾਣਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਸੋਮਵਾਰ ਨੂੰ ਯਾਤਰਾ ਕਰਨ ਵਾਲੇ ਦੋ ਲੋਕ ਕੋਰੋਨਾ ਪੌਜ਼ੀਟਿਵ ਮਿਲੇ ਹਨ। ਏਅਰ ਇੰਡੀਆ ਹਵਾਈ ਅੱਡੇ ਦਾ ਸੁਰੱਖਿਆ ਕਰਮਚਾਰੀ ਦਿੱਲੀ ਤੋਂ ਲੁਧਿਆਣਾ ਗਿਆ, ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਜਦਕਿ ਇੱਕ ਨੌਜਵਾਨ ਇੰਡੀਗੋ ਜਹਾਜ਼ 'ਚ ਚੇਨਈ ਤੋਂ ਕੋਇੰਬਟੂਰ ਗਿਆ ਸੀ, ਜੋ ਕੋਰੋਨਾ ਪੌਜ਼ੀਟਿਵ ਮਿਲਿਆ ਹੈ। ਇਨ੍ਹਾਂ ਦੋਵਾਂ ਦੀ ਰਿਪੋਰਟ ਪੌਜ਼ੀਟਿਵ ਆਉਣ ਬਾਅਦ ਦੋਵਾਂ ਉਡਾਣਾਂ ਦੇ ਅਮਲਾ ਮੈਂਬਰਾਂ ਅਤੇ ਸਾਰੇ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਾਰੇ 14 ਦਿਨ ਲਈ ਹੋਮ ਕੁਆਰੰਟੀਨ ਰਹਿਣਗੇ।
ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ 'ਤੇ ਉਕਤ ਮੁਲਾਜ਼ਮ 11 ਕਰੂ ਮੈਂਬਰਾਂ ਨਾਲ 25 ਮਈ ਨੂੰ ਪਹੁੰਚਿਆ ਸੀ। ਦਿੱਲੀ ਵਾਸੀ 50 ਸਾਲਾ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਲੁਧਿਆਣਾ 'ਚ 116 ਲੋਕਾਂ ਦੀ ਜਾਂਚ ਹੋਈ। ਇਨ੍ਹਾਂ 'ਚੋਂ 114 ਦੀ ਰਿਪੋਰਟ ਮਿਲੀ ਹੈ, ਜਿਨ੍ਹਾਂ 'ਚੋਂ ਇੱਕ ਪਾਜ਼ੀਟਿਵ ਮਿਲਿਆ ਹੈ।
ਸਰਕਾਰੀ ਏਜੰਸੀ ਨੇ ਕਿਹਾ, ''ਲੁਧਿਆਣਾ ਪਹੁੰਚਿਆ ਕੋਰੋਨਾ ਪਾਜ਼ੀਟਿਵ ਯਾਤਰੀ ਅਲਾਇੰਸ ਏਅਰ ਦੇ ਸੁਰੱਖਿਆ ਵਿਭਾਗ ਵਿੱਚ ਕੰਮ ਕਰਦਾ ਹੈ। ਯਾਤਰੀ ਪੇਡ ਟਿਕਟ 'ਤੇ ਹਵਾਈ ਯਾਤਰਾ ਕਰ ਰਿਹਾ ਸੀ। ਹੁਣ ਇਸ ਉਡਾਣ ਦੇ ਸਾਰੇ ਯਾਤਰੀ ਸੂਬੇ ਦੇ ਨਿਯਮਾਂ ਤਹਿਤ ਕੁਆਰੰਟੀਨ 'ਚ ਹਨ।''
ਇਸ ਤੋਂ ਪਹਿਲਾਂ ਸੋਮਵਾਰ ਨੂੰ ਚੇਨਈ ਤੋਂ ਕੋਇੰਬਟੂਰ ਜਾ ਰਿਹਾ ਇੱਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਦੇਸ਼ 'ਚ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਹਵਾਈ ਯਾਤਰੀ 'ਚ ਲਾਗ ਦਾ ਇਹ ਪਹਿਲਾ ਕੇਸ ਸੀ।
ਇੰਡੀਗੋ ਦੀ ਉਡਾਣ ਰਾਹੀਂ ਕੋਇੰਬਟੂਰ ਪਹੁੰਚੇ 24 ਸਾਲਾ ਇਸ ਨੌਜਵਾਨ ਨੂੰ ਈਐਸਆਈ ਹਸਪਤਾਲ 'ਚ ਬਣੇ ਕੋਵਿਡ ਵਾਰਡ 'ਚ ਸ਼ਿਫ਼ਟ ਕੀਤਾ ਗਿਆ ਹੈ। ਹਾਲਾਂਕਿ ਹੋਰ ਯਾਤਰੀਆਂ 'ਚ ਲਾਗ ਦੇ ਲੱਛਣ ਨਹੀਂ ਮਿਲੇ ਹਨ ਅਤੇ ਉਨ੍ਹਾਂ ਨੂੰ ਵੀ 14 ਦਿਨ  ਲਈ ਹੋਮ ਕੁਆਰੰਟੀਨ ਕੀਤਾ ਗਿਆ ਹੈ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਇੰਬਟੂਰ ਏਅਰਪੋਰਟ ਦੇ ਡਾਕਟਰ ਨੇ ਫਲਾਈਟ 65381 'ਚ ਇੱਕ ਯਾਤਰੀ ਵਿੱਚ ਸੰਕਰਮਣ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ 130 ਯਾਤਰੀ ਚੇਨਈ ਅਤੇ ਦਿੱਲੀ ਤੋਂ ਕੋਇੰਬਟੂਰ ਪਹੁੰਚੇ ਸਨ। ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਤਾਮਿਲਨਾਡੂ ਸਰਕਾਰ ਦੇ ਸਿਹਤ ਪ੍ਰੋਟੋਕੋਲ ਤਹਿਤ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.