ਬਠਿੰਡਾ, 28 ਮਈ, ਹ.ਬ. : ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਬਠਿੰਡਾ ਵਿਚ ਗਰਮੀ ਦਾ 20 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 47.5 ਡਿਗਰੀ ਦਰਜ ਕੀਤਾ ਗਿਆ, 20 ਸਾਲ ਪਹਿਲਾਂ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਪਹੁੰਚਿਆ ਸੀ। ਅੱਠ ਜੂਨ 2014 ਨੂੰ ਵੀ ਇੱਥੇ ਵੱਧ ਤੋਂ ਵੱਧ ਪਾਰਾ 47.2 ਡਿਗਰੀ ਤਕ ਪਹੁੰਚਿਆ ਸੀ, ਜਦਕਿ ਪਿਛਲੇ ਸਾਲ ਦੋ ਜੂਨ ਨੂੰ ਬਠਿੰਡਾ ਵਿਚ ਪਾਰਾ 47 ਡਿਗਰੀ ਤਕ ਪਹੁੰਚਿਆ ਸੀ। ਬਠਿੰਡਾ ਵਿਚ ਬੁੱਧਵਾਰ ਨੂੰ ਤਾਪਮਾਨ 'ਚ ਮੰਗਲਵਾਰ ਦੇ ਮੁਕਾਬਲੇ ਦੋ ਡਿਗਰੀ ਦਾ ਵਾਧਾ ਰਿਹਾ। ਉੱਥੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀ ਤਾਪਮਾਨ 44 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਫਿਰੋਜ਼ਪੁਰ ਵਿਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਦਰਜ ਕੀਤਾ ਗਿਆ। ਪਟਿਆਲਾ, ਲੁਧਿਆਣਾ ਤੇ ਜਲੰਧਰ ਵਿਚ ਵੀ ਪਾਰਾ 44 ਡਿਗਰੀ ਤਕ ਪਹੁੰਚ ਗਿਆ। ਜ਼ਿਆਦਾਤਰ ਸ਼ਹਿਰਾਂ ਵਿਚ ਘੱਟੋ-ਘੱਟ ਪਾਰਾ 25 ਡਿਗਰੀ ਤੋਂ ਜ਼ਿਆਦਾ ਰਿਹਾ। ਇਸ ਦੌਰਾਨ ਗਰਮ ਹਵਾਵਾਂ ਚੱਲਣ ਨਾਲ ਸੜਕਾਂ ਤੇ ਬਾਜ਼ਾਰ ਸੁੰਨਸਾਨ ਰਹੇ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਦੇ ਕਾਰਨ ਵੀਰਵਾਰ ਤੋਂ ਲੂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਤੇਜ਼ ਹਨੇਰੀ ਚੱਲਣ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਸ਼ੁੱਕਰਵਾਰ ਤੋਂ ਐਤਵਾਰ ਤਕ ਅਸਮਾਨ ਵਿਚ ਬੱਦਲ ਛਾਏ ਰਹਿਣ ਤੇ ਬਾਰਿਸ਼ ਦਾ ਅਨੁਮਾਨ ਹੈ। ਇਸ ਨਾਲ ਲੋਕਾਂ ਨੂੰ ਜ਼ਬਰਦਸਤ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਗਰਮੀ ਦੇ ਮੌਸਮ ਵਿਚ ਪਹਿਲੀ ਵਾਰੀ ਹੈ ਜਦੋਂ ਲੂ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.