ਨਿਊਯਾਰਕ, 28 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ 5 ਸ਼ਾਂਤੀ ਦੂਤਾਂ ਸਣੇ 83 ਫ਼ੌਜੀਆਂ ਨੂੰ ਮਰਨ ਉਪਰੰਤ ਮਿਆਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮਾਂ 'ਚ ਹਿੱਸਾ ਲੈਂਦੇ ਹੋਏ ਪਿਛਲੇ ਸਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਦੱਸ ਦੇਈਏ ਕਿ ਮੈਡਲ ਦਾ ਨਾਂ ਸੰਯੁਕਤ ਰਾਸ਼ਟਰ ਦੇ ਦੂਜੇ ਸਕੱਤਰ ਜਨਰਲ ਦੇ ਨਾਂ 'ਤੇ ਰੱਖਿਆ ਗਿਆ ਹੈ। ਇਨ੍ਹਾਂ ਦੀ 1961 'ਚ ਇਕ ਹਵਾਈ ਹਾਦਸੇ 'ਚ ਮੌਤ ਹੋ ਗਈ ਸੀ। ਬਾਅਦ 'ਚ ਇਨ੍ਹਾਂ ਨੂੰ ਮਰਨ ਉਪਰੰਤ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਦੇ ਮਿਸ਼ਨ 'ਚ ਸੇਵਾ ਦੇਣ ਵਾਲੇ ਮੇਜਰ ਰਵੀ ਇੰਦਰ ਸਿੰਘ ਸੰਧੂ ਤੇ ਸਾਰਜੈਂਟ ਲਾਲ ਮਨੋਤਰਾ ਤਰਸੇਮ, ਲਿਬਨਾਨ 'ਚ ਸੰਯੁਕਤ ਰਾਸ਼ਟਰ ਅੰਤ੍ਰਿਮ ਫੋਰਸ 'ਚ ਸਾਰਜੈਂਟ ਰਮੇਸ਼ ਸਿੰਘ, ਯੂਐੱਨ ਡਿਸਐਂਗੇਜਮੈਂਟ ਆਬਜ਼ਰਵਰ ਫੋਰਸ 'ਚ ਕੰਮ ਕਰਨ ਵਾਲੇ ਪੀ ਜੌਨਸਨ ਬੇਕ ਤੇ ਕਾਂਗੋ 'ਚ ਸੰਯੁਕਤ ਰਾਸ਼ਟਰ ਦੇ ਮਿਸ਼ਨ 'ਚ ਕੰਮ ਕਰਨ ਵਾਲੇ ਐਡਵਰਡ ਏ ਪਿੰਟੋ ਨੂੰ 29 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ 'ਤੇ ਮਰਨ ਉਪਰੰਤ 'ਦੈਗ ਹੈਮਰਸਕੋਲਦ' ਮੈਡਲ ਦਿੱਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ 1948 ਮਗਰੋਂ ਜਾਨ ਗਵਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਸਾਰੇ ਸ਼ਾਂਤੀ ਦੂਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.