ਨਵੀਂ ਦਿੱਲੀ, 28 ਮਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਭਾਰਤ ਨੂੰ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਹੁਣ ਤੱਕ ਦੀ ਸਭ ਤੋਂ ਭਿਆਨਕ ਆਰਥਿਕ ਮੰਦੀ ਆ ਸਕਦੀ ਹੈ ਇਸ ਗੱਲ ਦਾ ਜ਼ਿਕਰ ਰੇਟਿੰਗ ਏਜੰਸੀ 'ਕ੍ਰਿਸਿਲ' ਨੇ ਕਰਦੇ ਹੋਏ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਚੌਥੀ ਤੇ ਉਦਾਰੀਕਰਣ ਤੋਂ ਬਾਅਦ ਪਹਿਲੀ ਮੰਦੀ ਹੋਵੇਗੀ, ਜੋ ਸਭ ਤੋਂ ਖ਼ਤਰਨਾਕ ਹੋਵੇਗੀ।
ਰੇਟਿੰਗ ਏਜੰਸੀ ਮੁਤਾਬਕ ਕੋਵਿਡ-19 ਮਹਾਮਾਰੀ ਕਾਰਨ ਚਾਲੂ ਵਿੱਤੀ ਵਰ੍ਹੇ 2021 ਦੌਰਾਨ ਭਾਰਤੀ ਅਰਥ-ਵਿਵਸਥਾ ਵਿੱਚ ਪੰਜ ਫ਼ੀ ਸਦੀ ਕਮੀ ਆਈ ਹੈ। ਉੱਧਰ ਪਹਿਲੀ ਤਿਮਾਹੀ 'ਚ 25 ਫ਼ੀ ਸਦੀ ਦੀ ਵੱਡੀ ਗਿਰਾਵਟ ਦੀ ਸੰਭਾਵਨਾ ਹੈ।
ਕ੍ਰਿਸਿਲ ਦਾ ਮੰਨਣਾ ਹੈ ਕਿ ਅਸਲ ਆਧਾਰ 'ਤੇ ਲਗਭਗ 10 ਫ਼ੀ ਸਦੀ ਕੁੱਲ ਘਰੇਲੂ ਉਤਪਾਦਨ ਸਥਾਈ ਤੌਰ 'ਤੇ ਨਸ਼ਟ ਹੋ ਸਕਦਾ ਹੈ। ਮਹਾਮਾਰੀ ਤੋਂ ਪਹਿਲਾਂ ਜੋ ਵਾਧਾ ਦਰ ਵੇਖੀ ਗਈ ਸੀ, ਉਸ ਮੁਤਾਬਕ ਇਸ ਨੂੰ ਠੀਕ ਹੋਣ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਸਮਾਂ ਲੱਗ ਜਾਵੇਗਾ। ਕ੍ਰਿਸਿਲ ਨੇ ਆਪਣੇ ਪਹਿਲਾਂ ਦੇ ਅਨੁਮਾਨ ਨੂੰ ਸੋਧਦਿਆਂ ਉਸ ਨੂੰ ਹੋਰ ਵੀ ਹੇਠਾਂ ਕਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਅਸੀਂ ਵਾਧਾ ਦਰ ਦੇ ਅਨੁਮਾਨ ਨੂੰ 3.5 ਫ਼ੀ ਸਦੀ ਤੋਂ ਘਟਾ ਕੇ 1.8 ਫ਼ੀ ਸਦੀ ਕੀਤਾ ਸੀ। ਉਸ ਤੋਂ ਬਾਅਦ ਸਥਿਤੀ ਹੋਰ ਖ਼ਰਾਬ ਹੋਈ ਹੈ। ਕ੍ਰਿਸਿਲ ਨੇ ਕਿਹਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਗ਼ੈਰ-ਖੇਤੀਬਾੜੀ ਕੁੱਲ ਘਰੇਲੂ ਉਤਪਾਦਨ ਵਿੱਚ ਛੇ ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ।
ਭਾਵੇਂ ਖੇਤੀ ਖੇਤਰ ਨੂੰ ਕੁਝ ਰਾਹਤ ਮਿਲਣ ਦੀ ਆਸ ਜ਼ਰੂਰ ਹੈ ਤੇ ਇਸ ਵਿੱਚ 2.5 ਫ਼ੀ ਸਦੀ ਵਾਧਾ ਦਰ ਦਾ ਅਨੁਮਾਨ ਲਾਇਆ ਗਿਆ ਹੈ। ਉਪਲਬਧ ਅੰਕੜਿਆਂ ਅਨੁਸਾਰ ਪਿਛਲੇ 69 ਸਾਲਾਂ 'ਚ ਦੇਸ਼ ਵਿੱਚ ਸਿਰਫ਼ ਤਿੰਨ ਵਾਰ 1958, 1966 ਅਤੇ 1980 ਵਿੱਚ ਮੰਦੀ ਆਈ ਸੀ। ਇਸ ਲਈ ਹਰ ਵਾਰ ਕਾਰਣ ਇੱਕੋ ਸੀ ਤੇ ਉਹ ਸੀ ਮਾਨਸੂਨ ਦਾ ਝਟਕਾ। ਇਸ ਕਾਰਨ ਖੇਤੀਬਾੜੀ ਉੱਤੇ ਮਾੜਾ ਅਸਰ ਪਿਆ ਸੀ ਤੇ ਅਰਥ-ਵਿਵਸਥਾ ਦਾ ਵੱਡਾ ਹਿੱਸਾ ਪ੍ਰਭਾਵਿਤ ਹੋਇਆ। ਕ੍ਰਿਸਿਲ ਨੇ ਕਿਹਾ ਕਿ ਚਾਲੂ ਵਿੱਤ ਵਰ੍ਹੇ 2020-21 ਦੌਰਾਨ ਮੰਦੀ ਕੁਝ ਵੱਖਰੀ ਹੈ ਕਿਉਂਕਿ ਇਸ ਵਾਰ ਖੇਤੀ ਮੋਰਚੇ ਉੱਤੇ ਰਾਹਤ ਹੈ ਤੇ ਇਹ ਮੰਨਦਿਆਂ ਕਿ ਮਾਨਸੂਨ ਠੀਕਠਾਕ ਹੀ ਰਹੇਗਾ, ਇਹ ਝਟਕੇ ਨੂੰ ਕੁਝ ਘੱਟ ਜ਼ਰੂਰ ਕਰ ਸਕਦਾ ਹੈ। ਰੇਟਿੰਗ ਏਜੰਸੀ ਅਨੁਸਾਰ ਰਾਸ਼ਟਰ-ਪੱਧਰੀ ਬੰਦ ਕਾਰਨ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਸਭ ਤੋਂ ਵੱਧ ਪ੍ਰਭਾਵਿਤ ਹੋਈ। ਗ਼ੈਰ-ਖੇਤੀ ਖੇਤਰਾਂ ਦੇ ਨਾਲ-ਨਾਲ ਸਿੱਖਿਆ, ਯਾਤਰਾ ਤੇ ਸੈਰ-ਸਪਾਟਾ ਸਣੇ ਹੋਰ ਸੇਵਾਵਾਂ ਪੱਖੋਂ ਪਹਿਲੀ ਤਿਮਾਹੀ ਬਦਤਰ ਰਹਿਣ ਦਾ ਖ਼ਦਸ਼ਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.