ਪੰਜਾਬ ਵਿਧਾਨ ਸਭਾ 'ਚੋਂ ਹਰਿਆਣਾ ਨੇ ਮੰਗਿਆ ਹਿੱਸਾ, ਹਰਿਆਣਾ ਨੂੰ ਇਕ ਇੰਚ ਵੀ ਥਾਂ ਨਹੀਂ ਦਿਆਂਗੇ : ਰਾਣਾ ਕੇਪੀ

ਚੰਡੀਗੜ੍ਹ, 29  ਮਈ (ਹਮਦਰਦ ਨਿਊਜ਼ ਸਰਵਿਸ) : ਸਤਲੁਜ ਯਮਨਾ ਲਿੰਕ ਨਹਿਰ, ਪਾਣੀਆਂ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਰਾਜਧਾਨੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਕਾਰ ਚੱਲ ਰਿਹਾ ਰੇੜਕਾ ਅਜੇ ਖ਼ਤਮ ਨਹੀਂ ਹੋਇਆ। ਇਸੇ ਵਿਚਕਾਰ ਹੁਣ ਹਰਿਆਣਾ ਨੇ ਪੰਜਾਬ ਵਿਧਾਨ ਸਭਾ ਦੀ ਇਮਾਰਤ ਵਿਚ ਆਪਣਾ ਹੋਰ ਹਿੱਸਾ ਮੰਗ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਜਾਬ ਵਿਧਾਨ ਸਭਾ 'ਚ ਆਪਣੇ ਹੋਰ ਹਿੱਸੇ ਦਾ ਹੱਕ ਜਤਾਇਆ ਹੈ। ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸਪੱਸ਼ਟ ਕਿਹਾ ਕਿ ਹਰਿਆਣਾ ਨੂੰ ਪੰਜਾਬ ਵਿਧਾਨ ਸਭਾ 'ਚ ਇਕ ਇੰਚ ਵੀ ਥਾਂ ਨਹੀਂ ਦਿੱਤੀ ਜਾਵੇਗੀ।
ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਇਕ ਦੋ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਮੰਗ ਨਾਲ ਆਉਣ ਵਾਲੇ ਦਿਨਾਂ ਵਿਚ ਦੋਵਾਂ ਸੂਬਿਆਂ ਵਿਚ ਹੋਰ ਵਿਵਾਦ ਖੜ੍ਹਾ ਹੋਣ ਦੀਆਂ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਵੱਡਾ ਸਿਆਸੀ ਮੁੱਦਾ ਬਣਨ ਦੀਆਂ ਕਨਸੋਆਂ ਮਿਲ ਰਹੀਆਂ ਹਨ।
ਜਾਣਕਾਰੀ ਮੁਤਾਬਕ ਹਰਿਆਣਾ ਨੇ ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੀਤੇ ਵਿਸ਼ੇਸ਼ ਇਜਲਾਸ ਤੋਂ ਬਾਅਦ ਆਪਣਾ ਰੁਖ਼ ਬਦਲਿਆ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਸ਼ੇਸ਼ ਇਜਲਾਸ ਵਿਚ ਹਰਿਆਣਾ ਸਰਕਾਰ, ਵਿਧਾਇਕਾਂ ਨੂੰ ਵਿਸੇਸ਼ ਸੱਦਾ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ਦਾ ਵੱਡਾ ਹਾਲ, ਬਿਲਡਿੰਗ ਦੇਖ ਕੇ ਹਰਿਆਣਾ ਦੇ ਵਿਧਾਇਕਾਂ, ਮੰਤਰੀਆਂ ਦੇ ਮਨ ਵਿਚ ਹਰਿਆਣਾ ਦਾ ਹੋਰ ਹਿੱਸਾ ਹੋਣ ਦੀਆਂ ਤਰਕੀਬਾਂ ਬਣਨ ਲੱਗੀਆਂ। ਦੱਸਿਆ ਜਾਂਦਾ ਹੈ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਬਕਾਇਦਾ ਇਕ ਪੱਤਰ ਲਿਖ ਕੇ ਪੰਜਾਬ ਤੇ ਹਰਿਆਣਾ ਦੀ ਵੰਡ, ਅਨੁਪਾਤ ਮੁਤਾਬਕ ਹੋਰ ਹਿੱਸਾ ਦੇਣ ਦੀ ਮੰਗ ਕੀਤੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਦੇ ਪੱਤਰ ਤੋਂ ਬਾਅਦ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾ ਦੇ ਅਧਿਕਾਰੀਆਂ ਅਤੇ ਸਰਕਾਰਾਂ ਦੇ ਅਧਿਕਾਰੀਆਂ ਦੀ ਇਕ ਸਾਂਝੀ ਮੀਟਿੰਗ ਵੀ ਹੋਈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਪੈਮਾਇਸ਼ ਹੋ ਚੁੱਕੀ ਹੈ, ਹਰਿਆਣਾ ਦਾ ਕੋਈ ਹਿੱਸਾ ਨਹੀਂ ਬਣਦਾ। ਰਾਣਾ ਕੇਪੀ ਸਿੰਘ ਦਾ ਸਪਸ਼ਟ ਕਹਿਣਾ ਹੈ ਕਿ ਹਰਿਆਣਾ ਨੂੰ ਇਕ ਇੰਚ ਜਗ੍ਹਾ ਨਹੀਂ ਦਿੱਤੀ ਜਾਵੇਗੀ। ਰਾਣਾ ਕੇ ਪੀ ਸਿੰਘ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਗ੍ਹਾ ਤਾਂ ਦੇਈਏ ਜੇ ਬਣਦੀ ਹੋਵੇ ਜਦੋਂ ਹਿੱਸਾ ਬਣਦਾ ਹੀ ਨਹੀਂ ਫਿਰ ਕਿਉਂ ਦਿੱਤਾ ਜਾਵੇ। ਕੀ ਹਰਿਆਣਾ ਰਾਜਸੀ ਮੁੱਦਾ ਬਣਾਉਣਾ ਚਾਹੁੰਦਾ ਹੈ, ਸਵਾਲ ਦੇ ਜਵਾਬ ਵਿਚ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕਈ ਵਾਰ ਰਾਜਸੀ ਪਾਰਟੀਆਂ ਦੀ ਸਿਆਸੀ ਲਾਹਾ ਲੈਣ ਦੀ ਮਜਬੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਕਿਉਂ ਇਹ ਮੁੱਦਾ ਚੁੱਕਿਆ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਪਰ ਹਰਿਆਣਾ ਨੂੰ ਅਨੁਪਾਤ ਮੁਤਾਬਕ ਹਿੱਸਾ ਮਿਲ ਚੁੱਕਾ ਹੈ ਅਤੇ ਦੋਵੇਂ ਸੂਬਿਆਂ ਵਿਚ ਹਿਸਾਬ ਕਿਤਾਬ ਬਰਾਬਰ ਹੋ ਚੁੱਕਿਆ ਹੈ।
ਵਰਨਣਯੋਗ ਹੈ ਕਿ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਤੋੜ ਕੇ ਨਵਾਂ ਸੂਬਾ ਹਰਿਆਣਾ ਬਣਾਇਆ ਗਿਆ ਸੀ। ਹਰਿਆਣਾ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਐੱਸਵਾਈਐੱਲ ਬਣਾ ਕੇ ਆਪਣੇ ਹਿੱਸੇ ਦਾ ਹੋਰ ਪਾਣੀ ਲੈਣ ਅਤੇ ਚੰਡੀਗੜ੍ਹ'ਤੇ ਆਪਣਾ ਦਾਅਵਾ ਠੋਕਿਆ ਜਾ ਰਿਹਾ ਹੈ। ਪਾਣੀ, ਐੱਸਵਾਈਐੱਲ ਦੇ ਮੁੱਦੇ 'ਤੇ ਦੋਵਾਂ ਸੂਬਿਆਂ ਵੱਲੋਂ ਸੁਪਰੀਮ ਕੋਰਟ ਵਿਚ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.